ਅੰਬਿਕਾ ਸ਼ਰਮਾ
ਸੋਲਨ, 23 ਸਤੰਬਰ
ਡਰੱਗ ਕੰਟਰੋਲ ਪ੍ਰਸ਼ਾਸਨ (ਡੀਸੀਏ) ਦੇ ਅਧਿਕਾਰੀਆਂ ਵੱਲੋਂ ਮਾਰੇ ਗਏ ਛਾਪੇ ਦੌਰਾਨ ਪਿੰਡ ਥਾਣਾ ’ਚ ਪੈਂਦੇ ਬੱਦੀ ਸਨਅਤੀ ਖੇਤਰ ਵਿੱਚ ਸਥਿਤ ‘ਐਕਲਾਈਮ ਫਾਰਮੂਲੇਸ਼ਨ’ ਨਾਂ ਦੀ ਇਕ ਇਕਾਈ ਵਿੱਚੋਂ ਗਲੈਨਮਾਰਕ ਫਾਰਮਾ ਦੇ ਨਾਂ ’ਤੇ ਬਣਾਈਆਂ ਨਕਲੀ ਦਵਾਈਆਂ ਬਰਾਮਦ ਹੋਈਆਂ ਹਨ। ਇਹ ਛਾਪਾ ਲੰਘੀ ਰਾਤ ਮਾਰਿਆ ਗਿਆ ਜੋ ਸਵੇਰੇ 9 ਵਜੇ ਤੱਕ ਜਾਰੀ ਸੀ। ਇਹ ਫਰਮ ਗਲੈਨਮਾਰਕ ਫਾਰਮਾ ਦੀ ਬਲੱਡ ਪ੍ਰੈਸ਼ਰ ਵਾਲੀ ਪ੍ਰਮੁੱਖ ਦਵਾਈ ਬਣਾ ਰਹੀ ਸੀ ਜਦਕਿ ਇਸ ਕੋਲ ਲਾਇਸੈਂਸ ਸਿਰਫ਼ ਖੁਰਾਕੀ ਵਸਤਾਂ ਦਾ ਹੈ।
ਸਟੇਟ ਡਰੱਗ ਕੰਟਰੋਲਰ ਨਵਨੀਤ ਮਰਵਾਹਾ ਨੇ ਕਿਹਾ ਕਿ ਉਨ੍ਹਾਂ ਨੂੰ ਐਕਲਾਈਮ ਫਾਰਮੂਲੇਸ਼ਨ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ। ਉਨ੍ਹਾਂ ਵੱਲੋਂ ਬਣਾਈ ਗਈ ਟੀਮ ਜਿਸ ਵਿੱਚ ਡਰੱਗ ਇੰਸਪੈਕਟਰ ਅਨੂਪ ਸ਼ਰਮਾ, ਲਵਲੀ ਠਾਕੁਰ, ਲਲਿਤ ਕੁਮਾਰ, ਸੁਰੇਸ਼ ਕੁਮਾਰ, ਰਜਤ ਕੁਮਾਰ ਅਤੇ ਅਕਸ਼ੈ ਕੁਮਾਰ ਸ਼ਾਮਲ ਸਨ, ਨੇ ਪੁਲੀਸ ਦੀ ਮਦਦ ਨਾਲ ਲੰਘੀ ਰਾਤ ਇਸ ਸਨਅਤ ’ਚ ਛਾਪਾ ਮਾਰਿਆ। ਇਸ ਸਨਅਤ ਦਾ ਮਾਲਕ ਗਿਰੀਰਾਜ ਤੋਮਰ ਛਾਪੇ ਦੌਰਾਨ ਮੌਕੇ ’ਤੇ ਹਾਜ਼ਰ ਨਹੀਂ ਸੀ। ਛਾਪੇ ਸਬੰਧੀ ਸੂਚਨਾ ਦੇਣ ਦੇ ਬਾਵਜੂਦ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ ਪਰ ਛਾਪੇ ਦੌਰਾਨ ਸਨਅਤ ਵਿੱਚ ਦਸ ਵਰਕਰ ਹਾਜ਼ਰ ਸਨ।
ਡਰੱਗ ਕੰਟਰੋਲਰ ਨੇ ਦੱਸਿਆ ਕਿ ਇਸ ਫਰਮ ਕੋਲ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਵੱਲੋਂ ਜਾਰੀ ਖੁਰਾਕੀ ਵਸਤਾਂ ਦਾ ਲਾਇਸੈਂਸ ਸੀ ਪਰ ਉਸ ਕੋਲ ਦਵਾਈਆਂ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਮਿਲਿਆ। ਪੌਸ਼ਟਿਕ ਉਤਪਾਦਾਂ ਤੇ ਦਵਾਈਆਂ ਬਣਾਉਣ ਦੀ ਮਸ਼ੀਨਰੀ ਇਕ ਵਰਗੀ ਹੋਣ ਕਾਰਨ ਇਕਾਈ ਦਾ ਸਟਾਫ ਉੱਥੇ ਐਲੋਪੈਥਿਕ ਦਵਾਈਆਂ ਬਣਾ ਰਿਹਾ ਸੀ। ਮੌਕੇ ਤੋਂ ਗਲੈਨਮਾਰਕ ਫਾਰਮਾ ਦੇ ਨਾਂ ਹੇਠ ਬਣਾਈਆਂ ਟੈਲਮਾ-ਐੱਚ ਦਵਾਈ ਦੀਆਂ 301 ਗੋਲੀਆਂ ਮਿਲੀਆਂ। ਨਕਲੀ ਦਵਾਈਆਂ ਬਣਾਉਣ ਤੇ ਵੇਚਣ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।