ਨਵੀਂ ਦਿੱਲੀ, 24 ਜੁਲਾਈ
ਕਰੋਨਾਵਾਇਰਸ ਖ਼ਿਲਾਫ਼ ਦੇਸ਼ ਵਿੱਚ ਬਣਾਏ ਕੋਵੈਕਸਿਨ (ਟੀਕੇ) ਦੇ ਪਹਿਲੇ ਪੜਾਅ ਦੀ ਮਨੁੱਖੀ ਪਰਖ ਅੱਜ ਇਥੇ ਏਮਜ਼ ਵਿੱਚ ਕੀਤੀ ਗਈ ਤੇ ਇਕ ਪੁਰਸ਼ ਨੂੰ ਇਸ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਇਸ ਵਿਅਕਤੀ ਦੀ ਉਮਰ 30 ਸਾਲ ਤੋਂ ਵੱਧ ਹੈ ਤੇ ਦੇਸ਼ ਵਿੱਚ 3500 ਵਾਲੰਟੀਅਰਾਂ ਨੇ ਟੀਕੇ ਦੀ ਅਜਮਾਇਸ਼ ਲਈ ਆਪਣੇ ਆਪ ਨੂੰ ਪੇਸ਼ ਕੀਤਾ ਹੈ। ਏਮਜ਼ ਵਿੱਚ ਸੈਂਟਰ ਫਾਰ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਪ੍ਰਮੁੱਖੀ ਡਾ. ਸੰਜੇ ਰਾਏ ਨੇ ਕਿਹਾ ਕਿ ਪਿਛਲੇ ਸ਼ਨਿੱਚਰਵਾਰ ਤੋਂ ਹੀ ਏਮਜ਼ ਵਿਖੇ 3,500 ਤੋਂ ਵੱਧ ਵਾਲੰਟੀਅਰ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਹੈ, ਜਿਨ੍ਹਾਂ ਵਿਚੋਂ ਘੱਟੋ-ਘੱਟ 22 ਲੋਕਾਂ ਟੀਕੇ ਦੀ ਅਜਮਾਇਸ਼ ਤੋਂ ਪਹਿਲਾਂ ਦੀ ਜਾਂਚ ਚੱਲ ਰਹੀ ਹੈ। ਅੱਜ ਪਹਿਲਾ ਵਾਲੰਟੀਅਰ ਦਿੱਲੀ ਦਾ ਵਸਨੀਕ ਹੈ। ਟੀਕਾ ਲਾਉਣ ਤੋਂ ਪਹਿਲਾਂ ਉਸ ਦੀ ਦੋ ਦਿਨ ਪਹਿਲਾਂ ਜਾਂਚ ਕੀਤੀ ਗਈ ਸੀ ਅਤੇ ਉਹ ਸਾਰੇ ਮਾਪਦੰਡਾਂ ’ਤੇ ਖਰਾ ਉਤਰਿਆ ਸੀ। ਉਸ ਨੂੰ ਕੋਵੈਕਸਿਨ ਦੀ 0.5 ਮਿਲੀਲਿਟਰ ਖੁਰਾਕ ਇੰਟਰਾਮਸਕੂਲਰ ਟੀਕੇ ਰਾਹੀਂ ਬਾਅਦ ਦੁਪਹਿਰ 1.30 ਵਜੇ ਦਿੱਤੀ ਗਈ। ਇਹ ਵਿਅਕਤੀ ਅਗਲੇ ਸੱਤ ਦਿਨਾਂ ਤੱਕ ਉਨ੍ਹਾਂ ਦੀ ਨਿਗਰਾਨੀ ਵਿੱਚ ਰਹੇਗਾ। ਡਾ. ਰਾਏ ਨੇ ਕਿਹਾ ਕਿ ਕੁਝ ਹੋਰ ਵਾਲੰਟੀਅਰਾਂ ਨੂੰ ਟੀਕਾ ਉਨ੍ਹਾਂ ਦੀ ਸਕ੍ਰੀਨਿੰਗ ਰਿਪੋਰਟ ਆਉਣ ਤੋਂ ਬਾਅਦ ਸ਼ਨਿੱਚਰਵਰ ਨੂੰ ਲਾਇਆ ਜਾਵੇਗਾ।