ਨਵੀਂ ਦਿੱਲੀ, 12 ਨਵੰਬਰ
ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਅਤੇ ਹਥਿਆਰਾਂ ਦੇ ਵਿਵਾਦਤ ਡੀਲਰ ਅਭਿਸ਼ੇਕ ਵਰਮਾ ਨੂੰ 2009 ਦੇ ਕਥਿਤ ਜਾਅਲਸਾਜ਼ੀ ਮਾਮਲੇ ’ਚ ਬਰੀ ਕਰ ਦਿੱਤਾ ਹੈ। ਉਨ੍ਹਾਂ ਉਤੇ ਤਤਕਾਲੀ ਗ੍ਰਹਿ ਰਾਜ ਮੰਤਰੀ ਅਜੇ ਮਾਕਨ ਦਾ ਜਾਅਲੀ ਲੈਟਰਹੈੱਡ ਬਣਾਉਣ ਦਾ ਦੋਸ਼ ਸੀ। ਇਹ ਦਾਅਵਾ ਬਚਾਅ ਪੱਖ ਦੇ ਵਕੀਲ ਨੇ ਕੀਤਾ ਹੈ।
ਵਰਮਾ ਵੱਲੋਂ ਪੇਸ਼ ਹੋਏ ਐਡਵੋਕੇਟ ਮਨਿੰਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੀ ਅਦਾਲਤ ਨੇ ਮੁਲਜ਼ਮਾਂ ਨੂੰ ਬਰੀ ਕਰਦਿਆਂ ਕਿਹਾ ਕਿ ਇਸਤਗਾਸਾ ਧਿਰ ਕੇਸ ਨੂੰ ਵਾਜਬ ਸ਼ੱਕ ਤੋਂ ਪਰੇ ਸਾਬਤ ਕਰਨ ਵਿੱਚ ਅਸਫਲ ਰਹੀ ਹੈ। ਸੀਬੀਆਈ ਨੇ ਮਾਕਨ ਦੀ ਸ਼ਿਕਾਇਤ ‘ਤੇ ਇਹ ਕੇਸ ਦਾਇਰ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਵਰਮਾ ਨੇ 2009 ਵਿੱਚ ਵਪਾਰਕ ਵੀਜ਼ਾ ਨਿਯਮਾਂ ਨੂੰ ਸੌਖਾ ਬਣਾਉਣ ਲਈ ਮਾਕਨ ਦੇ ਜਾਅਲੀ ਲੈਟਰਹੈੱਡ ਤੋਂ ਇਕ ਪੱਤਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ।
ਸੀਬੀਆਈ ਨੇ ਆਪਣੀ ਚਾਰਜਸ਼ੀਟ ਵਿੱਚ ਦੋਸ਼ ਲਾਇਆ ਸੀ ਕਿ ਵਰਮਾ ਨੇ ਟਾਈਟਲਰ ਦੀ ‘ਸਰਗਰਮ ਮਿਲੀਭੁਗਤ ਨਾਲ ਇਹ ਜਾਅਲਸਾਜ਼ੀ’ ਕੀਤੀ ਸੀ। ਸੀਬੀਆਈ ਨੇ ਦੋਸ਼ ਲਾਇਆ ਕਿ ਇਹ ਜਾਅਲੀ ਪੱਤਰ ਚੀਨ ਦੀ ਇੱਕ ਟੈਲੀਕਾਮ ਫਰਮ ਨੂੰ ਭਾਰਤ ਵਿੱਚ ਵੀਜ਼ਾ ਵਧਾਉਣ ਦਾ ਗਲਤ ਭਰੋਸਾ ਦੇਣ ਦੇ ਮਕਸਦ ਨਾਲ ਦਿੱਤਾ ਗਿਆ ਸੀ।
ਦੋਸ਼ ਹੈ ਕਿ ਵਰਮਾ ਨੇ ਪੱਤਰ ਦਿਖਾਉਣ ਬਦਲੇ ਫਰਮ ਤੋਂ 10 ਲੱਖ ਡਾਲਰ ਦੀ ਮੰਗ ਕੀਤੀ ਸੀ, ਪਰ ਇਹ ਪੈਸੇ ਮਿਲੇ ਨਹੀਂ। ਮਾਕਨ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਸੀਬੀਆਈ ਨੇ ਵਰਮਾ ਖਿਲਾਫ ਆਈਪੀਸੀ ਦੀ ਧਾਰਾ 469 ਤਹਿਤ ਕੇਸ ਦਰਜ ਕੀਤਾ ਸੀ। ਇਹ ਧਾਰਾ ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਜਾਅਲਸਾਜ਼ੀ ਕਰਨ ਸਬੰਧੀ ਹੈ। ਇਸ ਸਬੰਧੀ ਅਦਾਲਤ ਦੇ ਪੂਰੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ