ਨਵੀਂ ਦਿੱਲੀ: ਮਾਹਿਰਾਂ ਦੀ ਕਮੇਟੀ ਨੇ ਕਰੋਨਾ ਤੋਂ ਬਚਾਅ ਲਈ 2 ਤੋਂ 18 ਸਾਲ ਉਮਰ ਵਰਗ ਦੇ ਦੂਜੇ ਤੇ ਤੀਜੇ ਗੇੜ ਦੇ ਕਲੀਨਿਕਲ ਟਰਾਇਲਾਂ ਲਈ ਭਾਰਤ ਬਾਇਓਟੈੱਕ ਵੱਲੋਂ ਤਿਆਰ ਕੋਵਿਡ-19 ਵੈਕਸੀਨ ‘ਕੋਵੈਕਸਿਨ’ ਦੇ ਨਾਂ ਦੀ ਸਿਫ਼ਾਰਿਸ਼ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ 525 ਵਿਸ਼ਿਆਂ ’ਤੇ ਹੋਣ ਵਾਲੇ ਟਰਾਇਲ ਦਿੱਲੀ ਤੇ ਪਟਨਾ ਸਥਿਤ ਏਮਸ ਅਤੇ ਨਾਗਪੁਰ ਦੇ ਮੈਡੀਟ੍ਰਿਨਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਸਮੇਤ ਵੱਖ ਵੱਖ ਥਾਵਾਂ ’ਤੇ ਹੋਣਗੇ। ਦੱਸਣਾ ਬਣਦਾ ਹੈ ਕਿ ਹੈਦਰਾਬਾਦ ਅਧਾਰਿਤ ਭਾਰਤ ਬਾਇਓਟੈੱਕ ਨੇ ਇਕ ਅਰਜ਼ੀ ਦੇ ਕੇ 2 ਤੋਂ 18 ਸਾਲ ਦੇ ਬੱਚਿਆਂ ਨੂੰ ਦੂਜੇ ਤੇ ਤੀਜੇ ਗੇੜ ਦੇ ਕਲੀਨਿਕਲ ਟਰਾਇਲਾਂ ਦੌਰਾਨ ‘ਕੋਵੈਕਸਿਨ’ ਦੇ ਟੀਕੇ ਲਾ ਕੇ ਉਨ੍ਹਾਂ ਦੀ ਸੁਰੱਖਿਆ, ਸੰਭਾਵੀ ਰਿਐਕਸ਼ਨਾਂ ਤੇ ਰੋਗ ਪ੍ਰਤੀਰੋਧਕ ਸ਼ਕਤੀ ਦਾ ਮੁਲਾਂਕਣ ਕੀਤੇ ਜਾਣ ਦੀ ਇਜਾਜ਼ਤ ਮੰਗੀ ਸੀ।
ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਕੋਵਿਡ-19 ਬਾਰੇ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਨੇ ਕਾਫ਼ੀ ਸੋਚ ਵਿਚਾਰ ਮਗਰੋਂ ਕੁਝ ਸ਼ਰਤਾਂ ਨਾਲ ਭਾਰਤ ਬਾਇਓਟੈੱਕ ਨੂੰ ਕਲੀਨਿਕਲ ਟਰਾਇਲਾਂ ਲਈ ਪ੍ਰਵਾਨਗੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਸ਼ਰਤਾਂ ਤਹਿਤ ਫਰਮ ਨੂੰ ਤੀਜੇ ਗੇੜ ਦੇ ਅਧਿਐਨ ਤੋਂ ਪਹਿਲਾਂ ਡੀਐੱਸਐੱਮਬੀ ਦੀਆਂ ਸਿਫ਼ਾਰਸ਼ਾਂ ਦੇ ਨਾਲ ਦੂਜੇ ਗੇੜ ਦੇ ਕਲੀਨਿਕਲ ਟਰਾਇਲਾਂ ਦਾ ਅੰਤਰਿਮ ਸੁਰੱਖਿਆ ਡੇਟਾ ਜਮ੍ਹਾਂ ਕਰਵਾਉਣਾ ਹੋਵੇਗਾ।
ਇਸ ਤੋਂ ਪਹਿਲਾਂ ਐੱਸਈਸੀ ਦੀ 24 ਫਰਵਰੀ ਦੀ ਮੀਟਿੰਗ ਵਿੱਚ ਭਾਰਤ ਬਾਇਓਟੈੱਕ ਦੀ ਇਸ ਤਜਵੀਜ਼ ’ਤੇ ਹੋਈ ਚਰਚਾ ਦੌਰਾਨ ਫਰਮ ਨੂੰ ਸੋਧਿਆ ਹੋਇਆ ਕਲੀਨਿਕਲ ਟਰਾਇਲ ਪ੍ਰੋਟੋਕਾਲ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਸੀ। ਦੱਸਣਾ ਬਣਦਾ ਹੈ ਕਿ ‘ਕੋਵੈਕਸਿਨ’ ਭਾਰਤ ਵਿੱਚ ਨਿਰਮਤ ਵੈਕਸੀਨ ਹੈ, ਜਿਸ ਨੂੰ ਭਾਰਤ ਬਾਇਓਟੈੱਕ ਨੇ ਭਾਰਤੀ ਮੈਡੀਕਲ ਖੋਜ ਕੌਂਸਲ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਕਰੋਨਾ ਤੋਂ ਬਚਾਅ ਲਈ ਦੇਸ਼ ਵਿੱਚ ਟੀਕਾਕਰਨ ਦੇ ਪਹਿਲੇ ਦੋ ਗੇੜਾਂ ਤੇ ਮੌਜੂਦਾ ਤੀਜੇ ਗੇੜ ਵਿੱਚ ਕੋਵੈਕਸਿਨ ਤੋਂ ਇਲਾਵਾ ਭਾਰਤੀ ਸੀਰਮ ਇੰਸਟੀਚਿਊਟ ਵੱਲੋਂ ਤਿਆਰ ‘ਕੋਵੀਸ਼ੀਲਡ’ ਦੇ ਟੀਕੇ ਹੀ ਲੱਗ ਰਹੇ ਹਨ। -ਪੀਟੀਆਈ
ਸੀਰਮ 10 ਕਰੋੜ ਤੇੇ ਬਾਇਓਟੈੱਕ 7.8 ਖੁੁਰਾਕਾਂ ਦਾ ਉਤਪਾਦਨ ਕਰੇਗੀ
ਨਵੀਂ ਦਿੱਲੀ: ਕਈ ਰਾਜਾਂ ਵੱਲੋਂ ਕੋਵਿਡ-19 ਟੀਕਿਆਂ ਦੀ ਕਿੱਲਤ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦਰਮਿਆਨ ਭਾਰਤੀ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਨੇ ਅਗਲੇ ਚਾਰ ਮਹੀਨਿਆਂ ਦੀ ਆਪਣੀ ਉਤਪਾਦਨ ਯੋਜਨਾ ਸਰਕਾਰ ਨੂੰ ਸੌਂਪ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸੀਰਮ ਤੇ ਭਾਰਤ ਬਾਇਓਟੈੱਕ ਅਗਸਤ ਮਹੀਨੇ ਤੱਕ ਆਪਣੇੇ ਉਤਪਾਦਨ ਨੂੰ ਕ੍ਰਮਵਾਰ 10 ਕਰੋੜ ਤੇ 7.8 ਕਰੋੜ ਖੁਰਾਕਾਂ ਤੱਕ ਵਧਾਉਣਗੇ। ਸੂਤਰਾਂ ਮੁਤਾਬਕ ਕੇਂਦਰੀ ਸਿਹਤ ਮੰਤਰਾਲੇ ਤੇ ਭਾਰਤ ਦੇ ਡਰੱਗ ਕੰਟਰੋਲਰ ਦਫ਼ਤਰ ਨੇ ਦੋਵਾਂ ਕੰਪਨੀਆਂ ਤੋਂ ਜੂਨ, ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਲਈ ਉਤਪਾਦਨ ਯੋਜਨਾ ਮੰਗੀ ਸੀ। -ਪੀਟੀਆਈ