ਨਵੀਂ ਦਿੱਲੀ, 24 ਜੁਲਾਈ
ਕਰੋਨਾਵਾਇਰਸ ਖ਼ਿਲਾਫ਼ ਭਾਰਤ ਦੇ ਪਹਿਲੇ ਸਵਦੇਸ਼ੀ ਟੀਕੇ ‘ਕੋਵੈਕਸਿਨ’ ਦੀ ਪਹਿਲੇ ਪੜਾਅ ਦੀ ਕਲੀਨੀਕਲ ਪਰਖ ਅੱਜ ਇੱਥੇ ਏਮਜ਼ ਵਿੱਚ ਲੱਗਪਗ 30 ਸਾਲਾਂ ਦੇ ਇੱਕ ਨੌਜਵਾਨ ਨੂੰ ਟੀਕਾ ਲਗਾ ਕੇ ਸ਼ੁੁਰੂ ਕੀਤੀ ਗਈ।
ਏਮਜ਼ ਵਿੱਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਸੰਜੇ ਰਾਏ ਨੇ ਦੱਸਿਆ ਕਿ ਏਮਜ਼’ ਵਿੱਚ ਇਸ ਪਰਖ ਲਈ 35 ਸੌ ਤੋਂ ਵੱਧ ਵਾਲੰਟੀਅਰਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਸ ਵਿੱਚੋਂ ਘੱਟੋ-ਘੱਟ 22 ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਦਿੱਲੀ ਵਾਸੀ ਪਹਿਲੇ ਵਾਲੰਟੀਅਰ ਦੀ ਸਕਰੀਨਿੰਗ ਦੋ ਦਿਨ ਪਹਿਲਾਂ ਕੀਤੀ ਗਈ ਸੀ ਤੇ ਉਸਦੇ ਸਿਹਤ ਮਾਪਦੰਡ ਬਿਲਕੁਲ ਸਹੀ ਹਨ। ਉਸ ਨੂੰ ਕੋਈ ਹੋਰ ਰੋਗ ਵੀ ਨਹੀਂ ਹੈ।
ਡਾ. ਰਾਏ ਨੇ ਦੱਸਿਆ, ‘ਉਸਨੂੰ ਇੰਟਰਾਮਸਕੁਲਰ (ਸਿੱਧੇ ਮਾਸਪੇਸ਼ੀਆਂ ਵਿੱਚ ਲਾਏ ਜਾਣ ਵਾਲੇ) ਟੀਕੇ ਦੀ ਪਹਿਲੀ 0.5 ਐੱਮ.ਐੱਲ. ਖੁਰਾਕ ਲਗਪਗ 1:30 ਵਜੇ ਦਿੱਤੀ ਗਈ। ਹੁਣ ਤੱਕ ਕੋਈ ਉਲਟ ਪ੍ਰਭਾਵ ਨਜ਼ਰ ਨਹੀਂ ਆਇਆ। ਉਸਨੂੰ ਘੰਟੇ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਅਗਲੇ ਸੱਤ ਦਿਨ ਉਸ ’ਤੇ ਨਜ਼ਰ ਰੱਖੀ ਜਾਵੇਗੀ।’ ਉਨ੍ਹਾਂ ਦੱਸਿਆ ਕਿ ਸਕਰੀਨਿੰਗ ਰਿਪੋਰਟ ਆਉਣ ਮਗਰੋਂ ਸ਼ਨਿਚਰਵਾਰ ਕੁਝ ਹੋਰ ਵਾਲੰਟੀਅਰਾਂ ਨੂੰ ਵੀ ਕੋਵੈਕਸਿਨ ਦੀ ਖੁਰਾਕ ਦਿੱਤੀ ਜਾਵੇਗੀ। -ਪੀਟੀਆਈ
ਕੋਈ ਦਵਾਈ ਰੋਗ ਨਾਲ ਲੜਨ ਦੀ ਸਮਰੱਥਾ ਨਹੀਂ ਵਧਾਉਂਦੀ: ਸੌਮਯਾ
ਲੰਡਨ: ਵਿਸ਼ਵ ਸਿਹਤ ਸੰਸਥਾ ਦੀ ਮੁੱਖ ਵਿਗਿਆਨੀ ਡਾ. ਸੌਮਯਾ ਸਵਾਮੀਨਾਥਨ ਨੇ ਦਾਅਵਾ ਕੀਤਾ ਕਿ ਹਾਲੇ ਕੋਈ ਅਜਿਹੀ ਦਵਾਈ ਨਹੀਂ ਬਣੀ ਜੋ ਕਰੋਨਾ ਲਾਗ ਤੋਂ ਬਚਾਅ ਲਈ ਰੋਗਾਂ ਨਾਲ ਲੜਨ ਦੀ ਸਰੀਰਕ ਸਮਰੱਥਾ ਵਧਾ ਸਕੇ। ਜਨੇਵਾ ਤੋਂ ਸੋਸ਼ਲ ਮੀਡੀਆ ਈਵੈਂਟ ’ਚ ਚਰਚਾ ਦੌਰਾਨ ਸੌਮਯਾ ਨੇ ਕਿਹਾ ਕਿ ਜੇ ਅਜਿਹਾ ਸੰਭਵ ਹੋਵੇ ਤਾਂ ਕਿਸੇ ਦੀ ਜਾਨ ਨਾ ਜਾਵੇ। ਕੁਦਰਤੀ ਤੌਰ ’ਤੇ ਰੋਗ ਨਾਲ ਲੜਨ ਦੀ ਸਮਰੱਥਾ ਹਾਸਲ ਲਾਗ ਹੋਣ ਬਾਅਦ ਹੀ ਸੰਭਵ ਹੈ। -ਪੀਟੀਆਈ