ਮੁੰਬਈ: ਕਰੋਨਾਵਾਇਰਸ ਦੀ ਰੋਕਥਾਮ ਸਬੰਧੀ ਮਹਾਰਾਸ਼ਟਰ ਸਰਕਾਰ ਦੀਆਂ ਨਵੀਆਂ ਪਾਬੰਦੀਆਂ ਵੀਰਵਾਰ ਰਾਤ ਤੋਂ ਲਾਗੂ ਹੋਣ ਕਾਰਨ ਅਣਅਧਿਕਾਰਤ ਲੋਕਾਂ ਨੂੰ ਲੋਕਲ ਰੇਲਾਂ ਵਿਚ ਸਫ਼ਰ ਕਰਨ ਤੋਂ ਰੋਕਣ ਲਈ ਰੇਲਵੇ ਵਿਭਾਗ ਵੱਲੋਂ ਮੁੰਬਈ ਵਿਚ ਸਟੇਸ਼ਨਾਂ ਦੇ ਦਾਖ਼ਲਾ ਤੇ ਨਿਕਾਸੀ ਪੁਆਇੰਟਾਂ ਨੂੰ ਸੀਮਿਤ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਸੂਬਾ ਸਰਕਾਰ ਦੇ ‘ਚੇਨ ਤੋੜਨ’ ਸਬੰਧੀ ਹੁਕਮਾਂ ਤਹਿਤ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਵੀਰਵਾਰ ਰਾਤ 8 ਵਜੇ ਤੋਂ ਸ਼ੁਰੂ ਹੋਣ ਵਾਲੀਆਂ ਲੋਕਲ ਰੇਲਾਂ ਵਿਚ ਪਹਿਲੀ ਮਈ ਤੱਕ ਸਫ਼ਰ ਕਰਨ ਦੀ ਮਨਜ਼ੂਰੀ ਸਿਰਫ਼ ਸਰਕਾਰੀ ਮੁਲਾਜ਼ਮਾਂ, ਸਿਹਤ ਕਾਮਿਆਂ, ਅਜਿਹੇ ਲੋਕ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ ਅਤੇ ਅੰਗਹੀਣ ਵਿਅਕਤੀਆਂ ਨੂੰ ਹੋਵੇਗੀ। ਅਧਿਕਾਰੀਆਂ ਅਨੁਸਾਰ ਇੱਥੋਂ ਤੱਕ ਕਿ ਰੇਲ ਦੀਆਂ ਟਿਕਟਾਂ ਤੇ ਪਾਸ ਵੀ ਸਿਰਫ਼ ਉਨ੍ਹਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੂੰ ਰਾਜ ਸਰਕਾਰ ਵੱਲੋਂ ਲੋਕਲ ਰੇਲਾਂ ਵਿਚ ਸਫ਼ਰ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਿਵਾਜੀ ਸੁਤਾਰ ਨੇ ਕਿਹਾ, ‘‘ਅਸੀਂ ਪਹਿਲਾਂ ਹੀ ਰੇਲਵੇ ਸਟੇਸ਼ਨਾਂ ’ਤੇ ਤਾਇਨਾਤ ਆਪਣੇ ਸਟਾਫ਼ ਨੂੰ ਰਾਜ ਸਰਕਾਰ ਦੀਆਂ ਨਵੀਆਂ ਹਦਾਇਤਾਂ ਲਾਗੂ ਕਰਨ ਬਾਰੇ ਕਹਿ ਚੁੱਕੇ ਹਾਂ।’’ -ਪੀਟੀਆਈ