ਤਿਰੂਵਨੰਤਪੁਰਮ: ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕੋਵਿਡ- 19 ਕਾਰਨ ਲੋਕਾਂ ਨੂੰ ਦਰਪੇਸ਼ ਔਕੜਾਂ ਦੇ ਹੱਲ ਲਈ 100 ਦਿਨਾਂ ਕਾਰਜ ਯੋਜਨਾ ਦਾ ਐਲਾਨ ਕੀਤਾ ਹੈ। ‘ਤਿਰੂਵੋਨਮ ਦਿਵਸ’ ਮੌਕੇ ਇੱਥੇ ਇੱਕ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਜਯਨ ਨੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਵਿੱਚ ਪ੍ਰਤੀ ਮਹੀਨੇ ਸੌ ਰੁਪਏ ਵਾਧਾ ਕਰਨ ਅਤੇ ਸੂਬੇ ਦੇ ਰਾਸ਼ਨ ਕਾਰਡ ਹੋਲਡਰਾਂ ਨੂੰ ਚਾਰ ਮਹੀਨਿਆਂ ਲਈ ਮੁਫ਼ਤ ਭੋਜਨ ਕਿੱਟਾਂ ਵੰਡਣ ਦਾ ਫ਼ੈਸਲਾ ਕੀਤਾ ਹੈ। ਸਿਹਤ ਖੇਤਰ ਵਿੱਚ ਲੋੜੀਂਦੀ ਗਿਣਤੀ ਵਿੱਚ ਸਟਾਫ਼ ਨਿਯੁਕਤ ਕਰਨ ਦਾ ਵਾਅਦਾ ਕਰਦਿਆਂ ਸ੍ਰੀ ਵਿਜਯਨ ਨੇ ਕਿਹਾ ਕਿ ਹਰ ਰੋਜ਼ ਕੋਵਿਡ- 19 ਦੇ 50,000 ਟੈਸਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ 100 ਦਿਨਾਂ ਵਿੱਚ ਕੁੱਲ 153 ਫੈਮਿਲੀ ਹੈਲਥ ਸੈਂਟਰ ਅਪਗਰੇਡ ਕੀਤੇ ਜਾਣਗੇ। -ਪੀਟੀਆਈ