ਨਵੀਂ ਦਿੱਲੀ, 9 ਸਤੰਬਰ
ਸਰਕਾਰ ਨੇ ਅੱਜ ਇੱਥੇ ਦੱਸਿਆ ਕਿ ਭਾਰਤ ਵਿੱਚ 58 ਫ਼ੀਸਦੀ ਬਾਲਗਾਂ ਨੇ ਕੋਵਿਡ-19 ਟੀਕਾਕਰਨ ਦੀ ਪਹਿਲੀ ਖੁਰਾਕ ਲੈ ਲਈ ਹੈ ਜਦੋਂ ਕਿ 18 ਫੀਸਦੀ ਬਾਲਗਾਂ ਨੇ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ। ਹੁਣ ਤੱਕ ਦੇਸ਼ ਭਰ ਵਿੱਚ 72 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪ੍ਰੈਸ ਕਾਨਫਰੰਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਅਜੇ ਵੀ ਕਰੋਨਾਵਾਇਰਸ ਲਾਗ ਦੀ ਦੂਜੀ ਲਹਿਰ ਵਿੱਚੋਂ ਲੰਘ ਰਿਹਾ ਹੈ। ਇਹ ਮਹਾਮਾਰੀ ਹਾਲੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ 35 ਜ਼ਿਲ੍ਹਿਆਂ ਵਿੱਚ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 10 ਫ਼ੀਸਦੀ ਤੋਂ ਉਪਰ ਹੈ ਜਦੋਂ ਕਿ 30 ਜ਼ਿਲ੍ਹਿਆਂ ਵਿੱਚ ਇਹ ਪੰਜ ਤੋਂ ਦਸ ਫ਼ੀਸਦ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕੋਵਿਡ-19 ਮਾਮਲਿਆਂ ਸਬੰਧੀ ਮਿਲੇ ਅੰਕੜਿਆਂ ਬਾਰੇ ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਸਿਰਫ਼ ਕੇਰਲਾ ਵਿੱਚੋਂ ਪਿਛਲੇ ਹਫ਼ਤੇ ਲਾਗ ਦੇ ਲਗਪਗ 68.59 ਫ਼ੀਸਦੀ ਕੇਸ ਦਰਜ ਕੀਤੇ ਗਏ। ਟੀਕਾਕਰਨ ਮੁਹਿੰਮ ਬਾਰੇ ਸਰਕਾਰ ਨੇ ਦੱਸਿਆ ਕਿ ਸਿੱਕਮ, ਦਾਦਰਾ ਤੇ ਨਗਰ ਹਵੇਲੀ ਵਿੱਚ 18 ਸਾਲ ਤੋਂ ਉੱਤੇ ਸਾਰੇ ਵਿਅਕਤੀਆਂ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਖ਼ੁਰਾਕ ਲੈ ਲਈ ਹੈ। -ਪੀਟੀਆਈ
ਕਰੋਨਾ: ਦੇਸ਼ ਵਿੱਚ 43,263 ਨਵੇਂ ਮਾਮਲੇ ਸਾਹਮਣੇ ਆਏ; 338 ਮੌਤਾਂ
ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 43,263 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਮਹਾਮਾਰੀ ਤੋਂ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ 3,31,39,981 ਹੋ ਗਈ ਹੈ। ਇਸ ਸਮੇਂ 3,93,614 ਕੇਸ ਸਰਗਰਮ ਹਨ। ਹਾਲਾਂਕਿ ਬੀਤੇ ਇੱਕ ਦਿਨ ਵਿੱਚ 2,358 ਸਰਗਰਮ ਕੇਸ ਵਧੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਦਰਜ ਕੀਤੀ ਰਿਪੋਰਟ ਮੁਤਾਬਕ ਇਸ ਲਾਗ ਨੇ 338 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਕਰੋਨਾ ਮ੍ਰਿਤਕਾਂ ਦੀ ਗਿਣਤੀ 4,41,749 ’ਤੇ ਪਹੁੰਚ ਗਈ ਹੈ। -ਪੀਟੀਆਈ
ਘਰੇਲੂ ਨੁਸਖ਼ੇ ਵਰਤਣ ਲਈ ਨਹੀਂ ਦੇ ਸਕਦੇ ਆਦੇਸ਼: ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਇੱਥੇ ਕਿਹਾ ਕਿ ਉਹ ਦੇਸ਼ ਵਿੱਚ ਕੋਵਿਡ-19 ਦੇ ਇਲਾਜ ਲਈ ਘਰੇਲੂ ਨੁਸਖੇ ਵਰਤਣ ਜਾਂ ਪ੍ਰਾਚੀਨ ਗਿਆਨ ਦੀ ਵਰਤੋਂ ਕਰਨ ਲਈ ਨਿਰਦੇਸ਼ ਨਹੀਂ ਦੇ ਸਕਦੇ। ਅਦਾਲਤ ਨੇ ਵਾਇਰਸ ਨਾਲ ਨਜਿੱਠਣ ਲਈ ‘ਲਾਲ ਕੀੜੀ ਦੀ ਚਟਨੀ’ ਦੀ ਵਰਤੋਂ ਸਬੰਧੀ ਨਿਰਦੇਸ਼ ਦੇਣ ਦੀ ਅਰਜ਼ੀ ਖਾਰਜ ਕਰ ਦਿੱਤੀ। -ਪੀਟੀਆਈ
ਕਰੋਨਾ ਕਾਰਨ ਪੰਜਾਬ ’ਚ ਦੋ ਮੌਤਾਂ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾਵਾਇਰਸ ਕਾਰਨ ਪੰਜਾਬ ’ਚ ਦੋ ਜਣਿਆ ਦੀ ਮੌਤ ਹੋ ਗਈ ਹੈ। ਇਸ ਨਾਲ ਪੰਜਾਬ ਵਿੱਚ ਕਰੋਨਾ ਮ੍ਰਿਤਕਾਂ ਦਾ ਅੰਕੜਾ 16451 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ 29 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 23 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 320 ਐਕਟਿਵ ਕੇਸ ਹਨ। ਅੱਜ ਫਿਰੋਜ਼ਪੁਰ ਅਤੇ ਪਟਿਆਲਾ ’ਚ ਕਰੋਨਾ ਕਾਰਨ ਇੱਕ-ਇੱਕ ਜਣੇ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਦੇ 31 ਨਵੇਂ ਕੇਸ ਸਾਹਮਣੇ ਆਏ ਹਨ ਅਤੇ 36 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ।