ਨਵੀਂ ਦਿੱਲੀ, 20 ਜੂਨ
ਭਾਰਤ ਵਿਚ ਅੱਜ ਕਰੋਨਾਵਾਇਰਸ ਦੇ 14,516 ਨਵੇਂ ਕੇਸ ਸਾਹਮਣੇ ਆਏ ਹਨ। ਇਕੋ ਦਿਨ ਵਿਚ ਐਨੇ ਕੋਵਿਡ-19 ਕੇਸਾਂ ਦਾ ਇਹ ਇਕ ਰਿਕਾਰਡ ਅੰਕੜਾ ਹੈ। ਕਰੋਨਾ ਦਾ ਕੁੱਲ ਅੰਕੜਾ ਹੁਣ 3,95,048 ਹੋ ਗਿਆ ਹੈ। ਜਦਕਿ ਮੌਤਾਂ ਦੀ ਗਿਣਤੀ 12,948 ਹੋ ਗਈ ਹੈ। ਸ਼ਨਿਚਰਵਾਰ ਨੂੰ ਵਾਇਰਸ ਨਾਲ 375 ਮੌਤਾਂ ਹੋਈਆਂ ਹਨ। ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਤੇ 2,13,830 ਜਣੇ ਸਿਹਤਯਾਬ ਹੋ ਚੁੱਕੇ ਹਨ। ਇਸ ਵੇਲੇ 1,68,269 ਐਕਟਿਵ ਕੇਸ ਹਨ। ਸਿਹਤ ਮੰਤਰਾਲੇ ਮੁਤਾਬਕ 54.12 ਫ਼ੀਸਦ ਪੀੜਤ ਤੰਦਰੁਸਤ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਭਾਰਤ ਵਿਚ ਲਗਾਤਾਰ ਨੌਵੇਂ ਦਿਨ ਦਸ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮੁਲਕ ਵਿਚ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਪਹਿਲੀ ਤੋਂ 20 ਜੂਨ ਤੱਕ ਉਜਾਗਰ ਹੋਏ ਹਨ। ਕਰੋਨਾਵਾਇਰਸ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਅਤੇ ਯੂਪੀ ’ਚੋਂ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਮੁਤਾਬਕ ਜ਼ਿਆਦਾਤਰ ਮੌਤਾਂ (ਕਰੀਬ 70 ਫੀਸਦ) ਅਜਿਹੇ ਕੇਸਾਂ ਵਿਚ ਹੋਈਆਂ ਹਨ ਜਿੱਥੇ ਪੀੜਤ ਪਹਿਲਾਂ ਵੀ ਕਿਸੇ ਰੋਗ ਦਾ ਇਲਾਜ ਕਰਵਾ ਰਹੇ ਸਨ। ਸਭ ਤੋਂ ਵੱਧ 1,24,331 ਕੇਸ ਮਹਾਰਾਸ਼ਟਰ ਵਿਚ ਉਜਾਗਰ ਹੋ ਚੁੱਕੇ ਹਨ ਤੇ 5893 ਮੌਤਾਂ ਹੋ ਚੁੱਕੀਆਂ ਹਨ। ਮਹਾਰਾਸ਼ਟਰ ਤੋਂ ਬਾਅਦ ਦਿੱਲੀ, ਗੁਜਰਾਤ, ਤਾਮਿਲਨਾਡੂ, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹਨ। -ਪੀਟੀਆਈ