ਨਵੀਂ ਦਿੱਲੀ, 13 ਸਤੰਬਰ
ਮੁੱਖ ਅੰਸ਼
- ਸੰਸਦੀ ਕਮੇਟੀ ਨੇ ਰਾਜ ਸਭਾ ਸਕੱਤਰੇਤ ਨੂੰ ਰਿਪੋਰਟ ਸੌਂਪੀ
- ਸਰਕਾਰੀ ਏਜੰਸੀਆਂ ਤੋਂ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਆਸ ਜਤਾਈ
- ਸਰਕਾਰ ਨੂੰ ਆਕਸੀਜਨ ਸਿਲੰਡਰਾਂ ਤੇ ਸਪਲਾਈ ਦੀ ਸੰਭਾਵੀ ਕਿੱਲਤ ਬਾਰੇ ਅਗਾਊਂ ਚੌਕਸ ਕਰਨ ਦਾ ਦਾਅਵਾ
ਸੰਸਦੀ ਕਮੇਟੀ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਕੋਵਿਡ-19 ਖਾਸ ਕਰਕੇ ਦੂਜੀ ਲਹਿਰ ਦੌਰਾਨ ‘ਆਕਸੀਜਨ ਦੀ ਕਿੱਲਤ ਕਰਕੇ ਹੋਈਆਂ ਮੌਤਾਂ’ ਦਾ ਆਡਿਟ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਕਮੇਟੀ ਨੇ ਕਿਹਾ ਕਿ ਆਡਿਟ ਦਾ ਅਮਲ ਰਾਜਾਂ ਦੇ ਤਾਲਮੇਲ ਨਾਲ ਕੀਤਾ ਜਾਵੇ ਤਾਂ ਕਿ ਕੋਵਿਡ ਦੌਰਾਨ ਹੋਈਆਂ ਮੌਤਾਂ ਬਾਰੇ ਮਜ਼ਬੂਤ ਦਸਤਾਵੇਜ਼ ਤਿਆਰ ਕੀਤੇ ਜਾ ਸਕਣ। ਕਮੇਟੀ ਨੇ ਕਿਹਾ ਕਿ ਉਹ ਆਕਸੀਜਨ ਦੀ ਘਾਟ ਕਾਰਨ ਕੋਵਿਡ-19 ਮੌਤਾਂ ਬਾਰੇ ਮੰਤਰਾਲੇ ਦੇ ‘ਮੰਦਭਾਗੇ ਇਨਕਾਰ’ ਤੋਂ ‘ਪ੍ਰੇਸ਼ਾਨ’ ਹੈ। ਕਮੇਟੀ ਨੇ ਸਰਕਾਰੀ ਏਜੰਸੀਆਂ ਤੋਂ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਤਵੱਕੋ ਕਰਦੇ ਹੋਏ ਕਿਹਾ, ‘‘ਮੰਤਰਾਲਾ ਬੜੀ ਬਾਰੀਕੀ ਨਾਲ ਆਕਸੀਜਨ ਦੀ ਕਿੱਲਤ ਕਰਕੇ ਹੋਈਆਂ ਕੋਵਿਡ ਮੌਤਾਂ ਦੀ ਘੋਖ ਕਰੇ ਅਤੇ ਪੀੜਤ ਪਰਿਵਾਰਾਂ ਲਈ ਯੋਗ ਮੁਆਵਜ਼ਾ ਯਕੀਨੀ ਬਣਾਏ।’’ ਕਮੇਟੀ ਨੇ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਜੇਕਰ ਸਮਾਂ ਰਹਿੰਦਿਆਂ ਕੰਨਟੇਨਮੈਂਟ ਨਾਲ ਜੁੜੀਆਂ ਰਣਨੀਤੀਆਂ ਲਾਗੂ ਕੀਤੀਆਂ ਹੁੰਦੀਆਂ ਤਾਂ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਕਈ ਹੋਰ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਕਮੇਟੀ ਨੇ ਕਿਹਾ ਕਿ ਸਰਕਾਰ ਹਾਲਾਤ ਦੀ ਸ਼ਿੱਦਤ ਦਾ ਅੰਦਾਜ਼ਾ ਲਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ।
ਸਿਹਤ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਨੇ ਲੰਘੇ ਦਿਨ ਰਾਜ ਸਭਾ (ਸਕੱਤਰੇਤ) ਨੂੰ ਸੌਂਪੀ ਆਪਣੀ 137ਵੀਂ ਰਿਪੋਰਟ ਵਿੱਚ ਕਿਹਾ ਕਿ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧਣ ਨਾਲ ਸਿਹਤ ਢਾਂਚੇ ’ਤੇ ਵੱਡਾ ਦਬਾਅ ਪਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਅਜਿਹੀਆਂ ਕਈ ਘਟਨਾਵਾਂ ਹਨ, ਜਿੱਥੇ ਮਰੀਜ਼ਾਂ ਦੇ ਪਰਿਵਾਰ ਆਕਸੀਜਨ ਲਈ ਤਰਲੇ ਮਿੰਨਤਾਂ ਕਰਦੇ ਅਤੇ ਸਿਲੰਡਰਾਂ ਦੀ ਉਡੀਕ ਵਿੱਚ ਕਤਾਰਾਂ ਵਿੱਚ ਖੜ੍ਹੇ ਵੇਖੇ ਗਏ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਕੁਝ ਹਸਪਤਾਲਾਂ ਵਿੱਚ ਜੀਵਨ ਰੱਖਿਅਕ ਗੈਸ ਮੁੱਕਣ ਕੱਢੇ ਹੈ ਤੇ ਉਨ੍ਹਾਂ ਕੋਲ ਸਿਰਫ਼ ਕੁਝ ਘੰਟਿਆਂ ਦੀ ਸਪਲਾਈ ਬਚੀ ਹੈ। ਕਮੇਟੀ ਨੇ ਕਿਹਾ ਕਿ ਉਸ ਨੇ ਆਪਣੀ 123ਵੀਂ ਰਿਪੋਰਟ ਵਿੱਚ ਸਰਕਾਰ ਨੂੰ ਆਕਸੀਜਨ ਸਿਲੰਡਰਾਂ ਤੇ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਦੀ ਸੰਭਾਵੀ ਕਿੱਲਤ ਬਾਰੇ ਚੇਤਾਵਨੀ ਦਿੱਤੀ ਸੀ। ਕਮੇਟੀ ਨੇ ਆਪਣੀ ਸੱਜਰੀ ਰਿਪੋਰਟ ਵਿੱਚ ਕਿਹਾ, ‘‘ਕਮੇਟੀ, ਮੰਤਰਾਲੇ ਵੱਲੋਂ 2020 ਵਿਚ ਇਕ ਹਲਫ਼ਨਾਮੇ ਰਾਹੀਂ ਕੀਤੇ ਦਾਅਵੇ ਤੋਂ ਨਿਰਾਸ਼ ਹੈ, ਜਿਸ ਵਿੱਚ ਇਹ ਯਕੀਨ ਦਿਵਾਇਆ ਗਿਆ ਸੀ ਕਿ ਦੇਸ਼ ਆਕਸੀਜਨ ਤੇ ਆਕਸੀਜਨ ਸਿਲੰਡਰਾਂ ਨੂੰ ਲੈ ਕੇ ਆਤਮ-ਨਿਰਭਰ ਹੈ; ਹਾਲਾਂਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਇਨ੍ਹਾਂ ਦਾਅਵਿਆਂ ਦੀ ਬੁਰੀ ਤਰ੍ਹਾਂ ਹਵਾ ਨਿਕਲ ਗਈ ਸੀ।’’ ਕਮੇਟੀ ਨੇ ਕਿਹਾ ਕਿ ਸਰਕਾਰ ਰਾਜਾਂ ਵਿੱਚ ਆਕਸੀਜਨ ਦੀ ਵੰਡ ਦਾ ਪ੍ਰਬੰਧ ਕਰਨ ਵਿੱਚ ਵੀ ਨਾਕਾਮ ਰਹੀ, ਜਿਸ ਕਰਕੇ ਅਸਾਧਾਰਨ ਮੈਡੀਕਲ ਸੰਕਟ ਖੜ੍ਹਾ ਹੋ ਗਿਆ। ਹਸਪਤਾਲਾਂ ਵਿੱਚ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਅਤੇ ਮੈਡੀਕਲ ਆਕਸੀਜਨ ਤੇ ਵੈਂਟੀਲੇਟਰ ਬੈੱਡਾਂ ਦੀ ਉਪਲਬਧਤਾ ਦੇ ਮਾੜੇ ਪ੍ਰਬੰਧ ਨੇ ਹਾਲਾਤ ਨੂੰ ਹੋਰ ਵਿਗਾੜ ਦਿੱਤਾ। ਕਮੇਟੀ ਨੇ ਇਸ ਗੱਲੋਂ ਹੈਰਾਨੀ ਜਤਾਈ ਕਿ ਕੇੇਂਦਰ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਕਸੀਜਨ ਦੀ ਕਿੱਲਤ ਕਰਕੇ ਹੋਈਆਂ ਮੌਤਾਂ ਬਾਰੇ ਤਫ਼ਸੀਲ ਮੰਗੀ ਸੀ, ਪਰ ਇਨ੍ਹਾਂ ਵਿੱਚੋਂ ਕਿਸੇ ਨੇ ਆਕਸੀਜਨ ਦੀ ਘਾਟ ਕਰਕੇ ਹੋਈਆਂ ਮੌਤਾਂ ਬਾਰੇ ਪੁਸ਼ਟੀ ਨਹੀਂ ਕੀਤੀ।
ਕਮੇਟੀ ਨੇ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਆਕਸੀਜਨ ਦੀ ਕਿੱਲਤ ਕਰਕੇ ਹੋਈਆਂ ਮੌਤਾਂ ਦੀ ਪਛਾਣ ਲਈ ਸਰਕਾਰ ਵੱਲੋਂ ਕੋਈ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਕਮੇਟੀ ਨੇ ਕਿਹਾ, ‘‘ਮੈਡੀਕਲ ਰਿਕਾਰਡ ਵਿੱਚ ਆਕਸੀਜਨ ਦੀ ਕਿੱਲਤ ਨੂੰ ਮੌਤ ਦੇ ਕਾਰਨ ਵਜੋਂ ਦਰਜ ਨਹੀਂ ਕੀਤਾ ਗਿਆ। ਬਹੁਤੀਆਂ ਮੌਤਾਂ ਹੋਰਨਾਂ ਸਰੀਰਕ ਵਿਗਾੜਾਂ ਕਰਕੇ ਹੋਣ ਦੀ ਗੱਲ ਆਖੀ ਗਈ। ਇਸ ਦੌਰਾਨ ਇਕ ਹੋਰ ਰਿਪੋੋਰਟ ਵਿੱਚ ਕਮੇਟੀ ਨੇ ਕੈਂਸਰ ਦੇ ਰੋਗ ਨੂੰ ਨੋਟੀਫਾਇਬਲ ਰੋਗ ਵਜੋਂ ਵਰਗੀਕ੍ਰਿਤ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। -ਪੀਟੀਆਈ
ਵੈਕਸੀਨ ਨਿਰਮਾਤਾ ਦੀ ਜਵਾਬਦੇਹੀ ਲਈ ਚੌਖਟਾ ਵਿਕਸਤ ਕਰਨ ਦੀ ਸਿਫ਼ਾਰਸ਼
ਨਵੀਂ ਦਿੱਲੀ: ਸੰਸਦੀ ਕਮੇਟੀ ਨੇ ਸਿਹਤ ਮੰਤਰਾਲੇ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਦੌਰਾਨ ਵੈਕਸੀਨ ਦਾ ਉਲਟ ਅਸਰ ਹੋਣ ਦੀ ਸਥਿਤੀ ਵਿੱਚ ਟੀਕਾ ਬਣਾਉਣ ਵਾਲੀ ਕੰਪਨੀ ਦੀ ਜਵਾਬਦੇਹੀ ਨਿਰਧਾਰਿਤ ਕਰਨ ਬਾਰੇ ਚੌਖਟਾ ਵਿਕਸਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਨੇ ਕਿਹਾ, ‘‘ਕੋਵਿਡ-19 ਵੈਕਸੀਨ ਵਾਲੰਟਰੀ ਹੈ ਤੇ ਮੌਜੂਦਾ ਸਮੇਂ ਟੀਕੇ ਦਾ ਉਲਟ ਅਸਰ ਹੋਣ ਦੀ ਸੂਰਤ ਵਿੱਚ ਵੈਕਸੀਨ ਤਿਆਰ ਕਰਨ ਵਾਲੀ ਕੰਪਨੀ ਦੀ ਜਵਾਬਦੇਹੀ ਜਾਂ ਲਾਭਪਾਤਰੀ ਨੂੰ ਮੁਆਵਜ਼ਾ ਦੇਣ ਬਾਰੇ ਕੋਈ ਪ੍ਰਬੰਧ ਨਹੀਂ ਹੈ। ਲਿਹਾਜ਼ਾ ਕਮੇਟੀ ਅਜਿਹਾ ਕੋਈ ਪ੍ਰਬੰਧ ਵਿਕਸਤ ਕਰਨ ਦੀ ਸਿਫ਼ਾਰਸ਼ ਕਰਦੀ ਹੈ।’’ -ਆਈਏਐੱਨਐੱਸ