ਨਵੀਂ ਦਿੱਲੀ, 13 ਦਸੰਬਰ
ਸੁਪਰੀਮ ਕੋਰਟ ਨੇ ਕੋਵਿਡ-19 ਮੌਤਾਂ ਲਈ ਐਕਸਗ੍ਰੇਸ਼ੀਆ ਮੁਆਵਜ਼ੇ ਦੇ ਨਬਿੇੜੇ ਲਈ ਵਿਕਸਤ ਪੋਰਟਲ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੁਣ ਤੱਕ ਕੋਈ ਪ੍ਰਚਾਰ ਪਾਸਾਰ ਨਾ ਕੀਤੇ ਜਾਣ ਲਈ ਰਾਜਾਂ ਦੀ ਝਾੜ-ਝੰਬ ਕੀਤੀ ਹੈ। ਜਸਟਿਸ ਐੱਮ.ਆਰ.ਸ਼ਾਹ ਤੇ ਬੀ.ਵੀ.ਨਾਗਰਤਨਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਜਦੋਂ ਤੱਕ ਵੱਡੇ ਪੱਧਰ ’ਤੇ ਪ੍ਰਚਾਰ ਪਾਸਾਰ ਨਹੀਂ ਹੁੰਦਾ, ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਉਨ੍ਹਾਂ ਕਿਸ ਪੋਰਟਲ ਸਿਰਨਾਵੇਂ ’ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਹੈ। ਸਿਖਰਲੀ ਅਦਾਲਤ ਨੇ ਇਸ ਗੱਲ ਦਾ ਖਾਸ ਨੋਟਿਸ ਲਿਆ ਕਿ ਕੁਝ ਰਾਜਾਂ ਨੇ ਅਜੇ ਤੱਕ ਪੋਰਟਲ ਬਾਰੇ ਤਫ਼ਸੀਲੀ ਜਾਣਕਾਰੀ ਦੇਣ ਲਈ ਖਾਸ ਕਰਕੇ ਖੇਤਰੀ ਭਾਸ਼ਾਵਾਂ ਵਾਲੇ ਅਖ਼ਬਾਰਾਂ ਤੇ ਮੁਕਾਮੀ ਚੈਨਲਾਂ ਜ਼ਰੀਏ ਪ੍ਰਚਾਰ ਪਾਸਾਰ ਨਹੀਂ ਕੀਤਾ। ਸਿਖਰਲੀ ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਸ਼ਿਕਾਇਤਾਂ ਦੇ ਨਿਵਾਰਣ ਲਈ ਗਠਿਤ ਕਮੇਟੀ ਵਿੱਚ ਸ਼ਾਮਲ ਮੈਂਬਰਾਂ ਬਾਰੇ ਵੀ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। -ਪੀਟੀਆਈ