ਨਵੀਂ ਦਿੱਲੀ: ਕੋਵਿਡ-19 ਖ਼ਿਲਾਫ਼ ਵੈਕਸੀਨੇਸ਼ਨ ਪ੍ਰੋਗਰਾਮ ਤਹਿਤ 200 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰਨ ਨਾਲ ਦੇਸ਼ ਨੇ ਅੱਜ ਇਕ ਹੋਰ ਪ੍ਰਾਪਤੀ ਹਾਸਲ ਕਰ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ-19 ਖ਼ਿਲਾਫ਼ ਜੰਗ ਨੂੰ ਹੋਰ ਮਜ਼ਬੂਤੀ ਮਿਲੀ ਹੈ। ਸ੍ਰੀ ਮੋਦੀ ਨੇ ਟਵੀਟ ਕੀਤਾ,‘‘ਭਾਰਤ ਨੇ ਮੁੜ ਇਤਿਹਾਸ ਸਿਰਜ ਦਿੱਤਾ ਹੈ। ਸਾਰੇ ਭਾਰਤੀਆਂ ਨੂੰ ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਦੇ ਵਿਸ਼ੇਸ਼ ਅੰਕੜੇ ਨੂੰ ਪਾਰ ਕਰਨ ਦੀ ਵਧਾਈ। ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਨੂੰ ਸਫ਼ਲ ਬਣਾਉਣ ’ਚ ਯੋਗਦਾਨ ਪਾਉਣ ਵਾਲਿਆਂ ’ਤੇ ਮਾਣ ਹੈ। ਇਸ ਨਾਲ ਕੋਵਿਡ-19 ਖ਼ਿਲਾਫ਼ ਆਲਮੀ ਜੰਗ ਨੂੰ ਵੀ ਮਜ਼ਬੂਤੀ ਮਿਲੀ ਹੈ।’’ ਇਸ ਪ੍ਰਾਪਤੀ ਲਈ ਲੋਕਾਂ ਨੂੰ ਵਧਾਈ ਦਿੰਦਿਆਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ ਨੇ ਸਿਰਫ਼ 18 ਮਹੀਨਿਆਂ ’ਚ ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਲਗਾਉਣ ਦਾ ਟੀਚਾ ਹਾਸਲ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਿਹਤ ਮੰਤਰਾਲੇ ਦੇ ਅੰਕੜੇ ਮੁਤਾਬਕ 98 ਫ਼ੀਸਦੀ ਬਾਲਗ ਆਬਾਦੀ ਨੇ ਵੈਕਸੀਨ ਦੀ ਘੱਟੋ ਘੱਟ ਇਕ ਖੁਰਾਕ ਲਗਵਾ ਲਈ ਹੈ ਜਦਕਿ 90 ਫ਼ੀਸਦੀ ਲੋਕ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹਨ। -ਪੀਟੀਆਈ