ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਪਰੈਲ
ਇੱਥੋਂ ਦੇ ਦਵਾਰਕਾ ਵਿੱਚ ਅੱਜ ਗਊ ਰੱਖਿਅਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਇੱਕ ਵਿਅਕਤੀ ਨੂੰ ਮਾਰ ਦਿੱਤਾ। ਇਹ ਵਿਅਕਤੀ ਰਾਜਾਰਾਮ ਫਾਰਮ ਹਾਊਸ ਵਿੱਚ ਕੇਅਰਟੇਕਰ ਸੀ। ਜਾਣਕਾਰੀ ਮੁਤਾਬਕ 10-15 ਵਿਅਕਤੀਆਂ ਦੇ ਇੱਕ ਸਮੂਹ ਨੇ ਗਊ ਰੱਖਿਅਕ ਹੋਣ ਦਾ ਦਾਅਵਾ ਕਰਦਿਆਂ ਗਊਆਂ ਦੀ ਹੱਤਿਆ ਕਰਨ ਦੇ ਸ਼ੱਕ ਵਿੱਚ ਉਸ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋ ਹੋਰ ਜਣੇ ਵੀ ਜ਼ਖ਼ਮੀ ਹੋ ਗਏ ਜੋ ਫਾਰਮ ਹਾਊਸ ਦੇ ਕਰਮਚਾਰੀ ਵੀ ਹਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਅਕਤੀਆਂ ਦਾ ਇੱਕ ਸਮੂਹ ਇਲਾਕੇ ਵਿੱਚ ਗਊਆਂ ਦੀ ਹੱਤਿਆ ਕਰ ਰਿਹਾ ਸੀ ਤੇ ਮਾਸ ਵੇਚ ਰਿਹਾ ਸੀ। ਪੁਲੀਸ ਦੀ ਇੱਕ ਟੀਮ ਮੌਕੇ ’ਤੇ ਪਹੁੰਚੀ ਪਰ ਇਸ ਤੋਂ ਪਹਿਲਾਂ ਹੀ ਭੀੜ ਫਾਰਮ ਹਾਊਸ ’ਤੇ ਪਹੁੰਚ ਗਈ ਤੇ ਅੰਦਰ ਮੌਜੂਦ ਲੋਕਾਂ ’ਤੇ ਹਮਲਾ ਕਰ ਦਿੱਤਾ। ਰਾਜਾ ਰਾਮ ਤੇ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਨੇ ਦਮ ਤੋੜ ਦਿੱਤਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਮੌਕੇ ਤੋਂ ਕੁਝ ਨਮੂਨੇ ਇਕੱਠੇ ਕਰ ਕੇ ਜਾਂਚ ਲਈ ਭੇਜ ਦਿੱਤੇ ਹਨ। ਇਸ ਮਾਮਲੇ ਵਿੱਚ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ ਤੇ ਪੰਜ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਇੱਕ ਐੱਫਆਈਆਰ ਕਤਲ ਅਤੇ ਦੂਜੀ ਗਊ ਹੱਤਿਆ ਨਾਲ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ।