ਨਵੀਂ ਦਿੱਲੀ: ਕਾਮੇਡੀਅਨ ਅਤੇ ਅਦਾਕਾਰ ਰਾਜੂ ਸ੍ਰੀਵਾਸਤਵ ਦਾ ਅੱਜ ਇੱਥੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਸਸਕਾਰ ਕਰ ਦਿੱਤਾ ਗਿਆ। 58 ਸਾਲਾ ਕਾਮੇਡੀਅਨ ਦੀ ਬੁੱਧਵਾਰ ਸਵੇਰੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਮੌਤ ਹੋਈ ਸੀ। ਉਹ 40 ਤੋਂ ਵੱਧ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ। 10 ਅਗਸਤ ਨੂੰ ਦਿੱਲੀ ਦੇ ਇੱਕ ਹੋਟਲ ਦੇ ਜਿਮ ਵਿੱਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸ੍ਰੀਵਾਸਤਵ ਦੀ ਮ੍ਰਿਤਕ ਦੇਹ ਬੀਤੇ ਦਿਨ ਪਰਿਵਾਰ ਨੂੰ ਸੌਂਪਣ ਤੋਂ ਬਾਅਦ ਦੱਖਣ ਪੱਛਮੀ ਦਿੱਲੀ ਦੇ ਇਲਾਕੇ ਦਵਾਰਕਾ ਵਿੱਚ ਉਨ੍ਹਾਂ ਦੇ ਘਰ ਲਿਜਾਂਦੀ ਗਈ। ਅੱਜ ਸਫੇਦ ਫੁੱਲਾਂ ਨਾਲ ਸਜੀ ਐਂਬੂਲੈਂਸ ਸਵੇਰੇ 9 ਵਜੇ ਕਸ਼ਮੀਰੀ ਗੇਟ ਸਥਿਤ ਨਿਗਮਬੋਧ ਸ਼ਮਸ਼ਾਨਘਾਟ ਲਈ ਰਵਾਨਾ ਹੋਈ, ਜਿੱਥੇ ਉੱਘੇ ਹਾਸਰਸ ਕਵੀ ਸੁਰੇਂਦਰ ਸ਼ਰਮਾ ਅਤੇ ਅਸ਼ੋਕ ਚੱਕਰਧਰ ਵੀ ਮੌਜੂਦ ਸਨ। ਕਾਮੇਡੀਅਨ ਦੇ ਭਰਾ ਦੀਪੂ ਸ੍ਰੀਵਾਸਤਵ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਰਾਜੂ ਸ੍ਰੀਵਾਸਤਵ ਦਾ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਬੇਟੇ ਆਯੂਸ਼ਮਾਨ ਨੇ ਆਖਰੀ ਰਸਮਾਂ ਨਿਭਾਈਆਂ। ਇਸ ਮੌਕੇ ਕਾਮੇਡੀਅਨ ਸੁਨੀਲ ਪਾਲ, ਅਹਿਸਾਨ ਕੁਰੈਸ਼ੀ, ਨਿਰਦੇਸ਼ਕ ਮਧੁਰ ਭੰਡਾਰਕਰ ਅਤੇ ਗਾਇਕ ਰਾਮ ਸ਼ੰਕਰ ਸਮੇਤ ਸੈਂਕੜੇ ਪ੍ਰਸ਼ੰਸਕ ਸ੍ਰੀਵਾਸਤਵ ਨੂੰ ਸ਼ਰਧਾਂਜਲੀ ਦੇਣ ਪੁੱਜੇ। -ਪੀਟੀਆਈ