ਨਵੀਂ ਦਿੱਲੀ, 8 ਫਰਵਰੀ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਬੱਚਿਆਂ ਦੇ ਸਰੀਰਕ ਸ਼ੋਸ਼ਣ ਵਰਗੀਆਂ ਅਪਰਾਧਿਕ ਗਤੀਵਿਧੀਆਂ ਨੂੰ ਗੰਭੀਰਤਾ ਨਾਲ ਨਜਿੱਠਿਆ ਜਾਵੇ ਤੇ ਸਮਾਜ ਤਕ ਸੁਨੇਹਾ ਪਹੁੰਚੇ ਕਿ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲਿਆਂ ਜਾਂ ਬੱਚਿਆਂ ਨੂੰ ਅਸ਼ਲੀਲ ਫਿਲਮਾਂ ਵਿੱਚ ਵਰਤਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਅਦਾਲਤ ਨੇ ਕਿਹਾ ਕਿ ਬੱਚੇ ਦੇਸ਼ ਦਾ ਅਨਮੋਲ ਸਰਮਾਇਆ ਹਨ। ਇਹ ਹੁਕਮ ਸੁਪਰੀਮ ਕੋਰਟ ਦੇ ਜਸਟਿਸ ਐੱਮ.ਆਰ. ਸ਼ਾਹ ਤੇ ਬੀ.ਵੀ. ਨਾਗਾਰਤਨਾ ’ਤੇ ਆਧਾਰਿਤ ਬੈਂਚ ਵੱਲੋਂ ਇਕ ਕੇਸ ਦੀ ਸੁਣਵਾਈ ਦੌਰਾਨ ਦਿੱਤੇ ਗਏ। ਇਹ ਪਟੀਸ਼ਨ ਨਵਾਬੂਦੀਨ (75) ਵੱਲੋਂ ਦਾਇਰ ਕੀਤੀ ਗਈ ਸੀ। ਉਸ ਨੇ ਚਾਰ ਵਰ੍ਹਿਆਂ ਦੀ ਬੱਚੀ ਦਾ ਸ਼ੋਸ਼ਣ ਕੀਤਾ ਸੀ ਤੇ ਉਤਰਾਖੰਡ ਹਾਈ ਕੋਰਟ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਵਿਅਕਤੀ ਨੇ ਬਾਲੜੀ ਨਾਲ ਪਿਤਾ ਵਰਗਾ ਸਲੂਕ ਕਰਨ ਦੀ ਬਜਾਏ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਇਸੇ ਦੌਰਾਨ ਸਰਵਉੱਚ ਅਦਾਲਤ ਨੇ ਦੋਸ਼ੀ ਦੀ ਉਮਰ ਨੂੰ ਦੇਖਦਿਆਂ ਉਸ ਦੀ ਉਮਰ ਕੈਦ ਦੀ ਸਜ਼ਾ ਨੂੰ 15 ਵਰ੍ਹਿਆਂ ਦੀ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ। -ਆਈਏਐੱਨਐੱਸ