ਨਵੀਂ ਦਿੱਲੀ, 8 ਜੂਨ
ਕਾਂਗਰਸ ਨੇ ਕੈਨੇਡਾ ਦੇ ਬਰੈਂਪਟਨ ‘ਚ ਪਰੇਡ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀ ਝਾਕੀ ਕੱਢੇ ਜਾਣ ਦੀ ਆਲੋਚਨਾ ਕਰਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਸਲਾ ਕੈਨੇਡਾ ਸਰਕਾਰ ਕੋਲ ਮਜ਼ਬੂਤੀ ਨਾਲ ਚੁੱਕਣ। ਇਸ ਤੋਂ ਪਹਿਲਾਂ ਕੈਨੇਡਾ ਦੇ ਭਾਰਤ ‘ਚ ਨਿਯੁਕਤ ਹਾਈ ਕਮਿਸ਼ਨਰ ਕੈਮਰੌਨ ਮੈਕੇ ਨੇ ਕਿਹਾ ਕਿ ਉਹ ਆਪਣੇ ਮੁਲਕ (ਕੈਨੇਡਾ) ਵਿੱਚ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੱਤਿਆ ਦੇ ਜਸ਼ਨ ਮਨਾਏ ਜਾਣ ਦੀਆਂ ਰਿਪੋਰਟਾਂ ਤੋਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਟਵੀਟ ਕੀਤਾ, ‘ਕੈਨੇਡਾ ‘ਚ ਨਫਰਤ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਕੋਈ ਥਾਂ ਨਹੀਂ ਹੈ। ਮੈਂ ਅਜਿਹੀਆਂ ਗਤੀਵਿਧੀਆਂ ਦੀ ਆਲੋਚਨਾ ਕਰਦਾ ਹਾਂ।’ ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦਿਓੜਾ ਨੇ ਟਵੀਟ ਕੀਤਾ, ‘ਇੱਕ ਭਾਰਤੀ ਵਜੋਂ ਮੈਨੂੰ ਇਹ ਦੇਖ ਕੇ ਦੁਖ ਹੋਇਆ ਕਿ ਕੈਨੇਡਾ ਦੇ ਬਰੈਂਪਟਨ ‘ਚ ਪੰਜ ਕਿਲੋਮੀਟਰ ਲੰਮੀ ਪਰੇਡ ਕੱਢੀ ਗਈ ਜਿਸ ਵਿੱਚ ਇੱਕ ਝਾਕੀ ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਿਖਾਇਆ ਗਿਆ ਹੈ। ਇਹ ਕਿਸੇ ਧਿਰ ਦਾ ਪੱਖ ਲੈਣ ਦੀ ਗੱਲ ਨਹੀਂ ਹੈ ਬਲਕਿ ਦੇਸ਼ ਦੇ ਇਤਿਹਾਸ ਤੇ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਨਾਲ ਹੋਏ ਦੁਖ ਤੇ ਸੰਵੇਦਨਾ ਦੀ ਗੱਲ ਹੈ।’ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਿਓੜਾ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ, ‘ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਇਹ ਗਲਤ ਹੈ। ਡਾ. ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਕੈਨੇਡਾ ਸਾਹਮਣੇ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਿਆ ਜਾਣਾ ਚਾਹੀਦਾ ਹੈ।’ ਸ਼ਸ਼ੀ ਥਰੂਰ ਨੇ ਕਿਹਾ, ‘ਮਿਲਿੰਦ ਦਿਓੜਾ, ਤੁਸੀਂ ਪੂਰੀ ਤਰ੍ਹਾਂ ਸਹੀ ਹੋ। ਇਸ ਭੱਦੇ ਕੰਮ ਦੀ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਆਲੋਚਨਾ ਕਰਨ ‘ਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। -ਪੀਟੀਆਈ
ਘਟਨਾ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਲਈ ਠੀਕ ਨਹੀਂ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਵੱਖਵਾਦੀਆਂ ਤੇ ਅਤਿਵਾਦੀਆਂ ਨੂੰ ਮਹੱਤਵ ਦੇਣ ਲਈ ਕੈਨੇਡਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕੈਨੇਡਾ ਦਾ ਆਪਣੀ ਧਰਤੀ ਤੋਂ ਭਾਰਤ ਵਿਰੋਧੀ ਤੱਤਾਂ ਨੂੰ ਕੰਮ ਕਰਨ ਦੇਣ ਦੀ ਇਜਾਜ਼ਤ ਦੇਣਾ ਨਾ ਸਿਰਫ਼ ਉਸ ਲਈ ਬਲਕਿ ਦੁਵੱਲੇ ਰਿਸ਼ਤਿਆਂ ਲਈ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਸੋਚਦਾ ਹਾਂ ਕਿ ਵੱਡਾ ਮੁੱਦਾ ਇਹ ਹੈ ਕਿ ਕੈਨੇਡਾ ‘ਚ ਵੱਖਵਾਦੀਆਂ, ਅਤਿਵਾਦੀਆਂ ਅਤੇ ਹਿੰਸਾ ਦੀ ਵਕਾਲਤ ਕਰਨ ਵਾਲਿਆਂ ਨੂੰ ਅਜਿਹਾ ਕਰਨ ਦਿੱਤਾ ਜਾ ਰਿਹਾ ਹੈ।’ ਉਨ੍ਹਾਂ ਕਿਹਾ, ‘ਸਪੱਸ਼ਟ ਤੌਰ ‘ਤੇ ਅਸੀਂ ਇਹ ਸਮਝ ਨਹੀਂ ਪਾ ਰਹੇ ਕਿ ਵੋਟ ਬੈਂਕ ਦੀ ਰਾਜਨੀਤੀ ਤੋਂ ਇਲਾਵਾ ਅਜਿਹਾ ਕੋਈ ਕਿਉਂ ਕਰੇਗਾ ਕਿਉਂਕਿ ਜੇਕਰ ਤੁਸੀਂ ਇਤਿਹਾਸ ਨੂੰ ਦੇਖੋ ਤਾਂ ਤੁਸੀਂ ਕਲਪਨਾ ਕਰੋਗੇ ਕਿ ਉਹ ਇਤਿਹਾਸ ਤੋਂ ਸਿੱਖਦੇ ਹਨ ਤੇ ਉਹ ਇਤਿਹਾਸ ਦੁਹਰਾਉਣਾ ਨਹੀਂ ਚਾਹੁਣਗੇ।’