ਨਵੀਂ ਦਿੱਲੀ, 7 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਹੁਣ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਲਈ ਸੂਬਿਆਂ ਨੂੰ ਟੀਕਾ ਮੁਫ਼ਤ ਮੁਹੱਈਆ ਕਰਾਇਆ ਜਾਵੇਗਾ ਅਤੇ ਅਗਲੇ ਦੋ ਹਫਤਿਆਂ ਵਿੱਚ ਇਸ ਨਾਲ ਸਬੰਧਤ ਸ਼ਰਤਾਂ ਤੈਅ ਕਰ ਲਈਆਂ ਜਾਣਗੀਆਂ। ਉਨ੍ਹਾਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਮੁਲਕ ਵਿੱਚ ਸਭਨਾਂ ਲਈ ਮੁਫ਼ਤ ਟੀਕਾਕਰਨ 21 ਜੂਨ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਮੋਦੀ ਨੇ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਟੀਕਾਕਰਨ ਨੂੰ ਲੈ ਕੇ ਸਿਆਸੀ ਤੁਹਮਤਬਾਜ਼ੀ ਠੀਕ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਗਰੀਬ ਪਰਿਵਾਰਾਂ ਨੂੰ ਮੁਫ਼ਤ ਅਨਾਜ ਦੀਵਾਲੀ ਤਕ ਮੁਹੱਈਆ ਕਰਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਲਈ ਸੂਬਿਆਂ ਨੂੰ ਮੁਫ਼ਤ ਟੀਕਾ ਮੁਹੱਈਆਂ ਕਰਾਉਣ ਸਬੰਧੀ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਹੈ, ਜਦੋਂ ਦਿੱਲੀ ਅਤੇ ਪੰਜਾਬ ਸਮੇਤ ਕਈ ਵਿਰੋਧ ਧਿਰ ਦੀ ਅਗਵਾਈ ਵਾਲੇ ਸੂਬਿਆਂ ਦੀਆਂ ਸਰਕਾਰਾਂ ਟੀਕੇ ਦੀ ਘਾਟ ਅਤੇ ਸੂਬਾ ਪੱਧਰ ’ਤੇ ਟੀਕੇ ਦੀ ਖਰੀਦ ਵਿੱਚ ਦਿੱਕਤਾਂ ਦਾ ਮਾਮਲਾ ਕਈ ਵਾਰ ਉਠਾ ਚੁੱਕੀਆਂ ਹਨ। ਮੋਦੀ ਨੇ ਕਿਹਾ, ‘‘ਅੱਜ ਫੈਸਲਾ ਕੀਤਾ ਗਿਆ ਹੈ ਕਿ ਸੂਬਿਆਂ ਕੋਲ ਟੀਕਾਕਰਨ ਨਾਲ ਸਬੰਧਤ ਜਿਹੜਾ 25 ਫੀਸਦੀ ਕੰਮ ਸੀ, ਉਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਚੁੱਕੇਗੀ। ਇਹ ਵਿਵਸਥਾ ਆਉਣ ਵਾਲੇ 2 ਹਫ਼ਤਿਆਂ ਵਿੱਚ ਲਾਗੂ ਕੀਤੀ ਜਾਵੇਗੀ। ਇਨ੍ਹਾਂ ਦੋ ਹਫ਼ਤਿਆਂ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਨਵੀਆਂ ਸ਼ਰਤਾਂ ਅਨੁਸਾਰ ਲੋੜੀਂਦੀ ਤਿਆਰੀ ਕਰ ਲੈਣਗੀਆਂ।’’ ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲ ਕੰਪਨੀਆਂ ਤੋਂ ਸਿੱਧਾ ਟੀਕਾ ਖਰੀਦਣਗੇ ਤੇ ਕੇਂਦਰ ਰਾਜਾਂ ਨੂੰ ਕਰੋਨਾ ਰੋਕੂ ਟੀਕੇ ਮੁਹੱਈਆ ਕਰਵਾਏਗਾ। ਉਨ੍ਹਾਂ ਸਪਸ਼ਟ ਕੀਤਾ ਕਿ ਪ੍ਰਾਈਵੇਟ ਹਸਪਤਾਲ ਕਰੋਨਾ ਟੀਕਾਕਰਨ ਲਈ ਵੱਧ ਤੋਂ ਵੱਧ 150 ਰੁੁਪਏ ਸਰਵਿਸ ਚਾਰਜ ਲੈ ਸਕਦੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਚੌਕਸ ਰਹਿਣ ਲਈ ਵੀ ਕਿਹਾ। -ਏਜੰਸੀ