ਨਵੀਂ ਦਿੱਲੀ, 27 ਜੁਲਾਈ
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸੀਆਰਪੀਐਫ ਦੇ 82ਵੇਂ ਸਥਾਪਨਾ ਦਿਵਸ ਮੌਕੇ ਅੱਜ ਕੇਂਦਰੀ ਪੁਲੀਸ ਬਲ ਵੱਲੋਂ 1959 ਵਿਚ ਹੌਟ ਸਪਰਿੰਗਜ਼ ਖੇਤਰ (ਲੱਦਾਖ) ਵਿਚ ਚੀਨੀ ਫ਼ੌਜ ਨਾਲ ਮੁਕਾਬਲੇ ਦੌਰਾਨ ਦਿਖਾਈ ਬਹਾਦਰੀ ਤੇ ਦਿੱਤੀ ਕੁਰਬਾਨੀ ਨੂੰ ਯਾਦ ਕੀਤਾ। ਭਾਰਤ-ਚੀਨ ਵਿਚਾਲੇ ਅਕਸਰ ਟਕਰਾਅ ਦਾ ਕਾਰਨ ਬਣਦੇ ਇਸ ਖੇਤਰ ਵਿਚ ਹਥਿਆਰਬੰਦ ਚੀਨੀ ਫ਼ੌਜ ਦੇ ਹਮਲੇ ਦਾ ਸੀਆਰਪੀਐਫ ਕਰਮੀਆਂ ਨੇ ਸਾਹਮਣਾ ਕੀਤਾ ਸੀ। ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਥਾਪਨਾ ਦਿਵਸ ਸਮਾਗਮ ਵਿਚ ਹਿੱਸਾ ਲੈਣਾ ਸੀ, ਪਰ ਕੁਝ ਹੋਰ ਜ਼ਰੂਰੀ ਕੰਮਾਂ ਕਰ ਕੇ ਉਹ ਇਨ੍ਹਾਂ ਵਿਚ ਸ਼ਾਮਲ ਨਹੀਂ ਹੋ ਸਕੇ। ਮੁੱਖ ਮਹਿਮਾਨ ਵਜੋਂ ਪੁੱਜੇ ਕੇਂਦਰੀ ਮੰਤਰੀ ਰਾਏ ਨੇ ਕਿਹਾ ਕਿ ਸੀਆਰਪੀਐਫ ਦਾ ਇਤਿਹਾਸ ਬਹਾਦਰੀ ਤੇ ਕੁਰਬਾਨੀ ਦੇ ਕਿੱਸਿਆਂ ਨਾਲ ਭਰਪੂਰ ਹੈ। 21 ਅਕਤੂਬਰ, 1959 ਨੂੰ ਸੀਆਰਪੀਐਫ ਦੇ 10 ਜਵਾਨਾਂ ਨੇ ਹੌਟ ਸਪਰਿੰਗਜ਼ ਵਿਚ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਚੀਨੀ ਫ਼ੌਜ ਦਾ ਵੱਡਾ ਨੁਕਸਾਨ ਕੀਤਾ ਸੀ। -ਪੀਟੀਆਈ