ਮੁੰਬਈ, 9 ਨਵੰਬਰ
ਆਜ਼ਾਦ ਗਵਾਹ ਪ੍ਰਭਾਕਰ ਸੇਲ ਕਰੂਜ਼ ਡਰੱਗ ਮਾਮਲੇ, ਜਿਸ ਵਿੱਚ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖਾਨ ਵੀ ਮੁਲਜ਼ਮ ਹੈ, ਵਿੱਚ ਐੱਨਸੀਬੀ ਅਧਿਕਾਰੀਆਂ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਦਿੱਲੀ ਦੀ ਵਿਜੀਲੈਂਸ ਟੀਮ ਸਾਹਮਣੇ ਅੱਜ ਦੂਜੇ ਦਿਨ ਵੀ ਪੇਸ਼ ਹੋਇਆ ਹੈ। ਵਿਜੀਲੈਂਸ ਟੀਮ ਸੋਮਵਾਰ ਨੂੰ ਮੁੰਬਈ ਪੁੱਜੀ ਸੀ। ਇਹ ਜਾਣਕਾਰੀ ਅੱਜ ਐੱਨਸੀਬੀ ਦੇ ਇੱਕ ਅਧਿਕਾਰੀ ਨੇ ਦਿੱਤੀ। ਐੱਨਸੀਬੀ ਨੇ ਸੋਮਵਾਰ ਨੂੰ ਵੀ ਪ੍ਰਭਾਕਰ ਤੋਂ 10 ਘੰਟੇ ਪੁੱਛ-ਪੜਤਾਲ ਕੀਤੀ ਸੀ।
ਐੱਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਉੱਤਰੀ ਖੇਤਰ) ਗਿਆਨੇਸ਼ਵਰ ਸਿੰਘ, ਜੋ ਕਿ ਵਿਜੀਲੈਂਸ ਟੀਮ ਦੀ ਅਗਵਾਈ ਕਰ ਰਹੇ ਹਨ, ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਪ੍ਰਭਾਕਰ ਨੂੰ ਪੁੱਛ-ਪੜਤਾਲ ਲਈ ਮੰਗਲਵਾਰ ਨੂੰ ਦੁਬਾਰਾ ਬੁਲਾਇਆ ਗਿਆ ਹੈ।
ਐੱਨਸੀਬੀ ਦੇ ਇੱਕ ਅਧਿਕਾਰੀ ਮੁਤਾਬਕ ਪ੍ਰਭਾਕਰ ਸੇਲ ਆਪਣੇ ਵਕੀਲ ਨਾਲ ਸਵੇਰੇ ਲੱਗਪਗ 11.55 ਵਜੇ ਸਬਅਰਬਨ ਬਾਂਦਰਾ ਸਥਿਤ ਸੀਆਰਪੀਐੱਫ ਦੀ ਮੈੱਸ ਵਿੱਚ ਪਹੁੰਚਿਆ। ਜ਼ਿਕਰਯੋਗ ਹੈ ਕਿ ਸੇਲ, ਜੋ ਕਿ ਖ਼ੁਦ ਨੂੰ ਐੱਨਸੀਬੀ ਦੇ ਗਵਾਹ ਕੇ.ਪੀ. ਗੋਸਾਵੀ ਦਾ ਅੰਗਰੱਖਿਅਕ ਹੋਣ ਦਾ ਦਾਅਵਾ ਕਰਦਾ ਹੈ, ਨੇ ਪਿਛਲੇ ਮਹੀਨੇ ਇੱਕ ਹਲਫ਼ਨਾਮੇ ’ਚ ਦੋਸ਼ ਲਾਇਆ ਸੀ ਕਿ ਉਸ ਨੇ ਆਰੀਅਨ ਖਾਨ ਦੀ ਗ੍ਰਿਫ਼ਤਾਰੀ ਮਗਰੋਂ ਗੋਸਾਵੀ ਨੂੰ 25 ਕਰੋੜ ਰੁਪਏ ਦਾ ਲੈਣ-ਦੇਣ ਦੀ ਕਰਨ ਗੱਲ ਕਰਦੇ ਹੋਏ ਸੁਣਿਆ ਸੀ। -ਪੀਟੀਆਈ
ਸਚਿਨ ਵਾਜ਼ੇ ਈਡੀ ਦੇ ਹੱਥਾਂ ਦੀ ਕਠਪੁਤਲੀ: ਅਪਰਾਧ ਸ਼ਾਖਾ
ਮੁੰਬਈ: ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਅੱਜ ਇੱਕ ਸਥਾਨਕ ਅਦਾਲਤ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਸਬੰਧਤ ਕੇਸ ਵਿੱਚ ਸਚਿਨ ਵਾਜ਼ੇ ਦੇ ਬਿਆਨ ਦਰਜ ਕਰਨ ਲਈ ਉਸ ਦੀ ਹਿਰਾਸਤ ਮੰਗ ਰਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਾਮਲੇ ਦੀ ਪੁਲੀਸ ਜਾਂਚ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਮੁਅੱਤਲ ਪੁਲੀਸ ਅਧਿਕਾਰੀ ਵਾਜ਼ੇ ਕੇਂਦਰੀ ਜਾਂਚ ਏਜੰਸੀ ਦੀ ਹੱਥਾਂ ਵਿੱਚ ਸਿਰਫ ਇੱਕ ਕਠਪੁਤਲੀ ਹੈ। ਅਦਾਲਤ ਨੇ ਈਡੀ ਅਤੇ ਅਪਰਾਧ ਸ਼ਾਖਾ ਦੀਆਂ ਦਲੀਲਾਂ ਸੁਣਨ ਮਗਰੋਂ ਈਡੀ ਦੀ ਵੱਲੋਂ ਹਿਰਾਸਤ ਦੀ ਮੰਗ ਲਈ ਦਾਇਰ ਅਰਜ਼ੀ ਰੱਦ ਕਰ ਦਿੱਤੀ। ਮੁੰਬਈ ਦੇ ਗੋਰੇਗਾਉਂ ਸਬ ਅਰਬਨ ਵਿੱਚ ਦਰਜ ਜਬਰੀ ਵਸੂਲੀ ਦੇ ਮਾਮਲੇ ਦੇ ਸਬੰਧ ਵਿੱਚ ਵਾਜ਼ੇ 13 ਨਵੰਬਰ ਤੱਕ ਰਿਮਾਂਡ ’ਤੇ ਅਪਰਾਧ ਸ਼ਾਖਾ ਦੀ ਹਿਰਾਸਤ ਵਿੱਚ ਹੈ। -ਪੀਟੀਆਈ
ਐੱਨਸੀਬੀ ਗਵਾਹ ਗੋਸਾਵੀ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ
ਪੁਣੇ (ਮਹਾਰਾਸ਼ਟਰ): ਇੱਥੋਂ ਦੀ ਇੱਕ ਅਦਾਲਤ ਨੇ 2018 ਦੇ ਧੋਖਾਧੜੀ ਦੇ ਇੱਕ ਮਾਮਲੇ ’ਚ ਗ੍ਰਿਫ਼ਤਾਰ ਕਿਰਨ ਗੋਸਾਵੀ, ਜੋ ਕਿ ਐੱਨਸੀਬੀ ਦਾ ਇੱਕ ਗਵਾਹ ਹੈ, ਨੂੰ ਨਿਆਂਇਕ ਹਿਰਾਸਤ ’ਚ ਭੇਜਿਆ ਹੈ। ਸਰਕਾਰੀ ਵਕੀਲ ਵਰਸ਼ਾ ਅਸਲੇਕਰ ਨੇ ਕਿਹਾ ਕਿ ਗੋਸਾਵੀ ਨੂੰ ਪੁਣੇ ਸ਼ਹਿਰ ਦੇ ਫਾਰਸਖ਼ਾਨਾ ਥਾਣੇ ਵਿੱਚ ਉਸ ਖ਼ਿਲਾਫ਼ ਦਰਜ ਧੋਖਾਧੜੀ ਦੇ ਕੇਸ ਦਹਿਤ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਗੋਸਾਵੀ ’ਤੇ 2018 ਵਿੱਚ ਇੱਕ ਵਿਅਕਤੀ ਚਿਨਮਯ ਦੇਸ਼ਮੁੱਖ ਨੂੰ ਮਲੇਸ਼ੀਆ ਵਿੱਚ ਹੋਟਲ ਇੰਡਸਟਰੀ ਵਿੱਚ ਨੌਕਰੀ ਦਿਵਾਉਣ ਦਾ ਵਾਅਦਾ ਕਰਕੇ ਕਥਿਤ ਤੌਰ ’ਤੇ 3.08 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਉਸ ਖ਼ਿਲਾਫ਼ ਪੁਣੇ ਦੇ ਛਾਉਣੀ ਅਤੇ ਵਨਵਾੜੀ ਥਾਣਿਆਂ ਵਿੱਚ ਵੀ ਧੋਖਾਧੜੀ ਦੇ ਦੋ ਕੇਸ ਦਰਜ ਹਨ। -ਪੀਟੀਆਈ