ਮੁੰਬਈ, 21 ਅਕਤੂਬਰ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਕਰੂਜ਼ ਨਸ਼ਾ ਕਾਂਡ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਅੱਜ ਉਨ੍ਹਾਂ ਆਰੀਅਨ ਖ਼ਾਨ ਦੀ ਦੋਸਤ ਅਤੇ ਅਦਾਕਾਰਾ ਅਨੰਨਿਆ ਪਾਂਡੇ ਦੇ ਬਿਆਨ ਦਰਜ ਕੀਤੇ। ਉਧਰ ਸ਼ਾਹਰੁਖ ਖ਼ਾਨ ਅੱਜ ਪੁੱਤਰ ਨੂੰ ਜੇਲ੍ਹ ’ਚ ਜਾ ਕੇ ਮਿਲਿਆ। ਇਸ ਦੌਰਾਨ ਬੰਬੇ ਹਾਈ ਕੋਰਟ ਨੇ ਆਰੀਅਨ ਦੀ ਜ਼ਮਾਨਤ ਅਰਜ਼ੀ ’ਤੇ 26 ਅਕਤੂਬਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ। ਉਂਜ ਵਿਸ਼ੇਸ਼ ਅਦਾਲਤ ਨੇ ਉਸ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਐੱਨਸੀਬੀ ਦੀਆਂ ਦੋ ਟੀਮਾਂ ਨੇ ਸ਼ਾਹਰੁਖ ਅਤੇ ਅਨੰਨਿਆ ਦੇ ਘਰਾਂ ’ਤੇ ਅੱਜ ਦਸਤਕ ਵੀ ਦਿੱਤੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਥੋਂ ਕੁਝ ਦਸਤਾਵੇਜ਼ ਹਾਸਲ ਕੀਤੇ ਹਨ।
ਸ਼ਾਹਰੁਖ ਖ਼ਾਨ ਅੱਜ ਸਵੇਰੇ ਆਰਥਰ ਰੋਡ ਜੇਲ੍ਹ ’ਚ ਪਹੁੰਚਿਆ ਅਤੇ ਉਸ ਨੇ ਕਰੀਬ 15-20 ਮਿੰਟ ਤੱਕ ਪੁੱਤਰ ਨਾਲ ਮੁਲਾਕਾਤ ਕੀਤੀ। ਜੇਲ੍ਹ ਅਧਿਕਾਰੀਆਂ ਨੇ ਆਰੀਅਨ ਨਾਲ ਮਿਲਾਉਣ ਤੋਂ ਪਹਿਲਾਂ ਉਸ ਦਾ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਚੈੱਕ ਕੀਤੇ। ਦੋਵੇਂ ਪਿਉ-ਪੁੱਤਰ ਵਿਚਕਾਰ ਇਕ ਕੱਚ ਦੀ ਦੀਵਾਰ ਸੀ ਜਿਸ ਰਾਹੀਂ ਉਹ ਇਕ ਦੂਜੇ ਨੂੰ ਦੇਖ ਸਕਦੇ ਸਨ। ਦੋਹਾਂ ਨੇ ਇੰਟਰਕੌਮ ਰਾਹੀਂ ਗੱਲਬਾਤ ਕੀਤੀ। ਮੀਟਿੰਗ ਦੌਰਾਨ ਚਾਰ ਗਾਰਡ ਹਾਜ਼ਰ ਸਨ। ਅਧਿਕਾਰੀ ਨੇ ਕਿਹਾ ਕਿ ਕਿਸੇ ਹੋਰ ਕੈਦੀ ਦੇ ਪਰਿਵਾਰ ਵਾਂਗ ਹੀ ਸ਼ਾਹਰੁਖ ਨੂੰ ਪੁੱਤਰ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਅਤੇ ਕੋਈ ਵਿਸ਼ੇਸ਼ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ।
ਇਸੇ ਕੇਸ ਦੇ ਸਬੰਧ ’ਚ ਐੱਨਸੀਬੀ ਨੇ ਅੱਜ ਬੌਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਦੇ ਬਿਆਨ ਦਰਜ ਕੀਤੇ। ਆਰੀਅਨ ਖ਼ਾਨ ਦੀ ਤਹਿਕੀਕਾਤ ਦੌਰਾਨ ਉਸ ਦੀਆਂ ਕੁਝ ਵਟਸਐਪ ਚੈਟ ’ਚ ਅਨੰਨਿਆ ਦਾ ਨਾਮ ਵੀ ਆਇਆ ਸੀ। ਅਨੰਨਿਆ ਆਪਣੇ ਪਿਤਾ ਚੰਕੀ ਪਾਂਡੇ ਨਾਲ ਐੱਨਸੀਬੀ ਦਫ਼ਤਰ ’ਚ ਸ਼ਾਮ ਕਰੀਬ ਚਾਰ ਵਜੇ ਪਹੁੰਚੀ। ਬਿਆਨ ਦਰਜ ਕਰਾਉਣ ਮਗਰੋਂ ਅਨੰਨਿਆ ਸ਼ਾਮ ਕਰੀਬ ਸਵਾ 6 ਵਜੇ ਬਾਹਰ ਨਿਕਲੀ। ਸੂਤਰਾਂ ਮੁਤਾਬਕ ਉਸ ਨੂੰ ਭਲਕੇ ਵੀ ਸੱਦੇ ਜਾਣ ਦੀ ਸੰਭਾਵਨਾ ਹੈ। ਐੱਨਸੀਬੀ ਦੀਆਂ ਟੀਮਾਂ ਨੇ ਅੱਜ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਅਦਾਕਾਰਾ ਅਨੰਨਿਆ ਪਾਂਡੇ ਦੀਆਂ ਰਿਹਾਇਸ਼ਾਂ ਦਾ ਦੌਰਾ ਵੀ ਕੀਤਾ। ਐੱਨਸੀਬੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਵਿਸ਼ੇਸ਼ ਸਮੱਗਰੀ ਹਾਸਲ ਕਰਨ ਲਈ ਉਨ੍ਹਾਂ ਦੇ ਘਰਾਂ ’ਚ ਗਏ ਸਨ। ਉਸ ਨੇ ਕਿਹਾ ਕਿ ਇਹ ਕੋਈ ਛਾਪਾ ਨਹੀਂ ਸੀ। ਐੱਨਸੀਬੀ ਦੀ ਮੁੰਬਈ ਜ਼ੋਨਲ ਇਕਾਈ ਦੀ ਇਕ ਟੀਮ ਨੇ ਸ਼ਾਹਰੁਖ ਖ਼ਾਨ ਦੀ ਬਾਂਦਰਾ ’ਚ ਰਿਹਾਇਸ਼ ‘ਮੰਨਤ’ ਦਾ ਦੁਪਹਿਰ ਸਮੇਂ ਦੌਰਾ ਕੀਤਾ। ਸੂਤਰਾਂ ਨੇ ਕਿਹਾ ਕਿ ਐੱਨਸੀਬੀ ਦੀ ਇਕ ਹੋਰ ਟੀਮ ਅਦਾਕਾਰਾ ਅਨੰਨਿਆ ਪਾਂਡੇ ਦੀ ਰਿਹਾਇਸ਼ ’ਤੇ ਪਹੁੰਚੀ। ਐੱਨਸੀਬੀ ਨੇ ਬੁੱਧਵਾਰ ਰਾਤ ਕੇਸ ਦੀ ਜਾਂਚ ਦੇ ਸਬੰਧ ’ਚ ਮੁੰਬਈ ’ਚ ਕਈ ਥਾਵਾਂ ’ਤੇ ਤਲਾਸ਼ੀ ਵੀ ਲਈ ਸੀ। -ਪੀਟੀਆਈ