ਮੁੰਬਈ, 20 ਅਕਤੂਬਰ
ਮੁੰਬਈ ਦੀ ਵਿਸ਼ੇਸ਼ ਕੋਰਟ ਨੇ ਬੌਲੀਵੁਡ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਤੇ ਦੋ ਹੋਰਨਾਂ ਨੂੰ ਮੁੰਬਈ ਦੇ ਸਾਹਿਲ ’ਤੇ ਕਰੂਜ਼ ਜਹਾਜ਼ ’ਚੋਂ ਬਰਾਮਦ ਨਸ਼ਿਆਂ ਦੇ ਕੇਸ ਵਿੱਚ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਨਾਰਕੋਟਿਕਸ ਡਰੱਗਜ਼ ਤੇ ਸਾਈਕੋਟਰੋਪਿਕ ਸਬਸਟਾਂਸਿਜ਼ (ਐੱਨਡੀਪੀਐੱਸ) ਨਾਲ ਸਬੰਧਤ ਕੇਸ ਦੀ ਸੁਣਵਾਈ ਲਈ ਮਨੋਨੀਤ ਵਿਸ਼ੇਸ਼ ਜੱਜ ਵੀ.ਵੀ.ਪਾਟਿਲ ਨੇ ਆਰੀਅਨ ਖ਼ਾਨ, ਉਸ ਦੇ ਦੋਸਤ ਅਰਬਾਜ਼ ਮਰਚੈਂਟ ਤੇ ਫੈਸ਼ਨ ਮਾਡਲ ਮੁਨਮੁਨ ਧਮੇਚਾ ਵੱਲੋਂ ਦਾਇਰ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ। ਇਸ ਦੌਰਾਨ ਆਰੀਅਨ ਖ਼ਾਨ ਦੇ ਵਕੀਲ ਜ਼ਮਾਨਤ ਲਈ ਬੰਬੇ ਹਾਈ ਕੋਰਟ ਪਹੁੰਚ ਗਏ ਹਨ। ਜਸਟਿਸ ਐੱਨ.ਡਬਲਿਊ.ਸਾਂਬਰੇ ਦਾ ਇਕਹਿਰਾ ਬੈਂਚ ਭਲਕੇ ਇਸ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰੇਗਾ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਇਨ੍ਹਾਂ ਤਿੰਨਾਂ ਨੂੰ 3 ਅਕਤੂਬਰ ਨੂੰ ਕਥਿਤ ਸਾਜ਼ਿਸ਼ ਘੜਨ, ਨਸ਼ਿਆਂ ਦੀ ਤਸਕਰੀ, ਖਰੀਦ, ਸੇਵਨ ਤੇ ਆਪਣੇ ਕੋਲ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਆਰੀਅਨ ਖ਼ਾਨ ਤੇ ਹੋਰਨਾਂ ਖਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਆਰੀਅਨ ਨੇ ਆਪਣੀ ਜ਼ਮਾਨਤ ਅਰਜ਼ੀ ਵਿੱਚ ਐੱਨਸੀਬੀ ਦੇ ਇਸ ਦਾਅਵੇ ਕਿ ਉਹ ਨਸ਼ਾ ਤਸਕਰੀ ਤੇ ਸਾਜ਼ਿਸ਼ ਘੜਨ ਵਿੱਚ ਸ਼ਾਮਲ ਸੀ, ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਸੀ ਕਿ ਉਸ ਕੋਲ ਹੁਣ ਤੱਕ ਕਿਸੇ ਤਰ੍ਹਾਂ ਦਾ ਨਸ਼ਾ ਬਰਾਮਦ ਨਹੀਂ ਹੋਇਆ। ਉਧਰ ਐੱਨਸੀਬੀ ਨੇ ਜ਼ਮਾਨਤ ਅਰਜ਼ੀ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਆਰੀਅਨ ਖ਼ਾਨ ਪਿਛਲੇ ਕੁਝ ਸਾਲਾਂ ਤੋਂ ਨਸ਼ਿਆਂ ਦਾ ਸੇਵਨ ਕਰ ਰਿਹਾ ਹੈ ਤੇ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਸੀ, ਜੋ ਨਸ਼ਿਆਂ ਦੀ ਦਲਾਲੀ ਦੌਰਾਨ ਕੌਮਾਂਤਰੀ ਡਰੱਗ ਨੈੱਟਵਰਕ ਦਾ ਹਿੱਸਾ ਰਹੇ ਹਨ। ਏਜੰਸੀ ਨੇ ਆਰੀਅਨ ਖ਼ਾਨ ਦੀਆਂ ਵਟਸਐਪ ਚੈਟਾਂ ਦਾ ਵੀ ਹਵਾਲਾ ਦਿੱਤਾ। -ਪੀਟੀਆਈ