ਨਵੀਂ ਦਿੱਲੀ, 25 ਅਕਤੂਬਰ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਕਰੂਜ਼ ਡਰੱਗਜ਼ ਕੇਸ ਵਿੱਚ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਸਮੇਤ ਹੋਰਨਾਂ ਦੀ ਰਿਹਾਈ ਲਈ ਕੁਝ ਏਜੰਸੀ ਅਧਿਕਾਰੀਆਂ, ਜਿਨ੍ਹਾਂ ਵਿੱਚ ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦਾ ਵੀ ਨਾਮ ਸ਼ਾਮਲ ਹੈ, ਵੱਲੋਂ ਕਥਿਤ 25 ਕਰੋੜ ਰੁਪਏ ਦੀ ਵੱਢੀ ਮੰਗੇ ਜਾਣ ਦੇ ਦਾਅਵੇ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਕਰੂਜ਼ ਡਰੱਗ ਕੇਸ ਵਿੱਚ ਗਵਾਹ ਪ੍ਰਭਾਕਰ ਸੇਲ ਨੇ ਐੱਨਸੀਬੀ ਅਧਿਕਾਰੀਆਂ ਵੱਲੋਂ ਕਥਿਤ ਵੱਢੀ ਮੰਗੇ ਜਾਣ ਦਾ ਦਾਅਵਾ ਕੀਤਾ ਸੀ। ਵਿਜੀਲੈਂਸ ਜਾਂਚ ਐੱਨਸੀਬੀ ਦੇ ਉੱਤਰੀ ਖੇਤਰ ਲਈ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਵੱਲੋਂ ਕੀਤੀ ਜਾਵੇਗੀ। ਵੱਢੀ ਮੰਗੇ ਜਾਣ ਦਾ ਦਾਅਵਾ ਕਰਨ ਵਾਲਾ ਪ੍ਰਭਾਕਰ ਸੇਲ ਇਸ ਕੇਸ ਵਿੱਚ ਇਕ ਹੋਰ ਗਵਾਹ ਕੇ.ਪੀ.ਗੋਸਾਵੀ ਦਾ ਅੰਗਰੱਖਿਅਕ ਦੱਸਿਆ ਜਾਂਦਾ ਹੈ। ਗੋਸਾਵੀ 3 ਅਕਤੂਬਰ ਨੂੰ ਮਾਰੇ ਛਾਪਿਆਂ ਮਗਰੋਂ ਫ਼ਰਾਰ ਹੋ ਗਿਆ ਸੀ। ਸੇਲ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਗੋਸਾਵੀ ਨੂੰ ਸ਼ਾਹਰੁਖ ਦੇ ਮੈਨੇਜਰ ਨਾਲ ਮਿਲਦਿਆਂ ਵੇਖਿਆ ਸੀ ਤੇ ਛਾਪੇਮਾਰੀ ਮਗਰੋਂ ਵਾਨਖੇੜੇ ਦੀ ਹਾਜ਼ਰੀ ਵਿੱਚ ਮੈਨੇਜਰ ਨੂੰ 9-10 ਬਲੈਂਕ ਚੈੱਕ ਸਾਈਨ ਕਰਨ ਲਈ ਕਿਹਾ ਸੀ। ਉਧਰ ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਉਹ ਪੇਸ਼ੇਵਰ ਸੰਸਥਾ ਹਨ ਤੇ ਉਹ ਆਪਣੇ ਹੀ ਸਟਾਫ਼ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਤਿਆਰ ਹਨ ਤੇ ਜਾਂਚ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ ਹੋਵੇਗੀ। -ਪੀਟੀਆਈ