ਮੁੰਬਈ, 6 ਅਕਤੂਬਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਅੱਜ ਦਾਅਵਾ ਕੀਤਾ ਕਿ ਐਂਟੀ ਡਰੱਗਜ਼ ਏਜੰਸੀ ਐੱਨਸੀਬੀ ਟੀਮ ਵੱਲੋਂ 2 ਅਕਤੂਬਰ ਨੂੰ ਮੁੰਬਈ ਸਾਹਿਲ ’ਤੇ ਇਕ ਕਰੂਜ਼ ’ਤੇ ਮਾਰਿਆ ਛਾਪਾ ‘ਫ਼ਰਜ਼ੀ’ ਸੀ ਤੇ ਇਸ ਦੌਰਾਨ ਉਥੋਂ ਕੋਈ ਵੀ ਨਾਰਕੋਟਿਕ ਡਰੱਗਜ਼ ਨਹੀਂ ਮਿਲੀਆਂ। ਪਾਰਟੀ ਨੇ ਛਾਪੇ ਦੌਰਾਨ ਐੱਨਸੀਬੀ ਟੀਮ ਨਾਲ ਦੋ ਵਿਅਕਤੀਆਂ ਦੀ ਮੌਜੂਦਗੀ ’ਤੇ ਵੀ ਉਜਰ ਜਤਾਇਆ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਇਕ ਭਾਜਪਾ ਮੈਂਬਰ ਸੀ।
ਮਹਾਰਾਸ਼ਟਰ ਸਰਕਾਰ ’ਚ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਨਵਾਬ ਮਲਿਕ ਨੇ ਦਾਅਵਾ ਕੀਤਾ, ‘‘ਛਾਪੇ ਦਾ ਡਰਾਮਾ ਫ਼ਰਜ਼ੀ ਸੀ। ਐੱਨਸੀਬੀ ਟੀਮ ਨੂੰ ਕਰੂਜ਼ ਤੋਂ ਕੋਈ ਡਰੱਗਜ਼ ਨਹੀਂ ਮਿਲੇ।’’ ਮਲਿਕ ਨੇ ਕੁਝ ਵੀਡੀਓ ਵੀ ਜਾਰੀ ਕੀਤੇ ਹਨ, ਜੋ ਐੱਨਸੀਬੀ ਵੱਲੋਂ ਮਾਰੇ ਛਾਪੇ ਦੇ ਜਾਪਦੇ ਹਨ। ਮਲਿਕ ਨੇ ਕਿਹਾ ਕਿ ਇਕ ਵੀਡੀਓ ਵਿੱਚ ਆਰੀਅਨ ਖ਼ਾਨ ਦੇ ਨਾਲ ਤੁਰਿਆ ਜਾ ਰਿਹਾ ਸ਼ਖ਼ਸ ਐੱਨਸੀਬੀ ਅਧਿਕਾਰੀ ਨਹੀਂ ਸੀ ਤੇ ਇਸ ਵਿਅਕਤੀ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਪਤਾ ਲੱਗਾ ਹੈ ਕਿ ਉਹ ਕੁਆਲਾਲੰਪੁਰ ਅਧਾਰਿਤ ਪ੍ਰਾਈਵੇਟ ਜਾਸੂਸ ਹੈ। ਇਕ ਹੋਰ ਵੀਡੀਓ ਵਿੱਚ ਇਸੇ ਕੇਸ ਵਿੱਚ ਗ੍ਰਿਫ਼ਤਾਰ ਅਰਬਾਜ਼ ਮਰਚੈਂਟ ਨਾਲ ਤੁਰੇ ਜਾਂਦੇ ਦੋ ਵਿਅਕਤੀਆਂ ’ਚੋਂ ਇਕ ਜਣਾ ਭਾਜਪਾ ਦਾ ਮੈਂਬਰ ਹੈ। ਮਲਿਕ ਨੇ ਕਿਹਾ, ‘‘ਜੇਕਰ ਉਪਰੋਕਤ ਦੋਵੇਂ ਵਿਅਕਤੀ ਐੱਨਸੀਬੀ ਅਧਿਕਾਰੀ ਨਹੀਂ ਹਨ ਤਾਂ ਉਹ ਦੋ ਹਾਈ ਪ੍ਰੋਫਾਈਲ ਲੋਕਾਂ (ਖ਼ਾਨ ਤੇ ਮਰਚੈਂਟ) ਨਾਲ ਕਿਉਂ ਤੁਰੇ ਜਾਂਦੇ ਸੀ।’’ ਮਲਿਕ ਨੇ ਦਾਅਵਾ ਕੀਤਾ ਕਿ ਮਰਚੈਂਟ ਨਾਲ ਨਜ਼ਰ ਆ ਰਹੇ ਵਿਅਕਤੀ ਨੂੰ 21-22 ਸਤੰਬਰ ਨੂੰ ਗੁਜਰਾਤ ਵਿੱਚ ਵੇਖਿਆ ਗਿਆ ਸੀ ਤੇ ਉਸ ਨੂੰ ਮੁੰਦਰਾ ਬੰਦਰਗਾਹ ਤੋਂ ਕਾਬੂ ਕੀਤੀ ਗਈ 3000 ਕਿਲੋ ਹੈਰੋਇਨ ਦੀ ਖੇਪ ਨਾਲ ਜੋੜਿਆ ਜਾ ਸਕਦਾ ਹੈ। ਐੱਨਸੀਪੀ ਆਗੂ ਨੇ ਕਿਹਾ, ‘ਭਾਜਪਾ ਪੂਰੀ ਐੱਨਸੀਬੀ ਨੂੰ ਕੁਝ ਵਿਅਕਤੀਆਂ, ਮਹਾਰਾਸ਼ਟਰ ਸਰਕਾਰ ਤੇ ਬੌਲੀਵੁੱਡ ਨੂੰ ਬਦਨਾਮ ਕਰਨ ਲਈ ਵਰਤ ਰਹੀ ਹੈ।’’ ਚੇਤੇ ਰਹੇ ਕਿ ਐੱਨਸੀਬੀ ਨੇ ਮਲਿਕ ਦੇ ਦਾਮਾਦ ਸਮੀਰ ਖ਼ਾਨ ਨੂੰ ਇਸ ਸਾਲ 13 ਜਨਵਰੀ ਨੂੰ ਕਥਿਤ ਡਰੱਗਜ਼ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਖ਼ਾਨ ਨੂੰ ਸਤੰਬਰ ਵਿੱਚ ਜ਼ਮਾਨਤ ਮਿਲੀ ਸੀ। -ਪੀਟੀਆਈ
ਚਾਰ ਮੁਲਜ਼ਮਾਂ ਨੂੰ ਐੱਨਸੀਬੀ ਹਿਰਾਸਤ ਵਿੱਚ ਭੇਜਿਆ
ਮੁੰਬਈ: ਸਥਾਨਕ ਕੋਰਟ ਨੇ ਮੁੰਬਈ ਦੇ ਸਾਹਿਲ ’ਤੇ ਇਕ ਕਰੂਜ਼ ਜਹਾਜ਼ ’ਚੋਂ ਬਰਾਮਦ ਵੱਖ ਵੱਖ ਨਸੀਲੇ ਪਦਾਰਥਾਂ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ 14 ਅਕਤੂਬਰ ਤੱਕ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐੱਨਸੀਬੀ ਨੇ ਕੋਰਟ ਨੂੰ ਦੱਸਿਆ ਕਿ ਗੋਪਾਲ ਆਨੰਦ, ਸਮੀਰ ਸਹਿਗਲ, ਮਾਨਵ ਸਿੰਘਲ ਤੇ ਭਾਸਕਰ ਅਰੋੜਾ ਕਰੂਜ਼ ਜਹਾਜ਼ ’ਤੇ ਚੱਲ ਰਹੇ ਈਵੈਂਟ ਦੇ ਆਰਗੇਨਾਈਜ਼ਰ ਸਨ ਤੇ ਇਸੇ ਈਵੈਂਟ ਦੌਰਾਨ ਕਰੂਜ਼ ’ਤੇ ਮੌਜੂਦ ਕੁਝ ਵਿਅਕਤੀਆਂ ਵੱਲੋਂ ਡਰੱਗਜ਼ ਲਈਆਂ ਜਾ ਰਹੀਆਂ ਸਨ। ਐੱਨਸੀਬੀ ਹੁਣ ਤੱਕ ਇਸ ਮਾਮਲੇ ਵਿੱਚ ਬੌਲੀਵੁੱਡ ਸੁਪਰਸਟਾਰ ਆਰੀਅਨ ਖ਼ਾਨ ਦੇ ਪੁੱਤਰ ਸਮੇਤ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਆਰੀਅਨ ਖ਼ਾਨ ਤੇ ਕੁਝ ਹੋਰਨਾਂ ਨੂੰ ਲੰਘੇ ਸ਼ਨਿੱਚਰਵਾਰ ਦੀ ਸ਼ਾਮ ਨੂੰ ਕਰੂਜ਼ ’ਤੇ ਚੱਲ ਰਹੀ ਕਥਿਤ ਡਰੱਗਜ਼ ਪਾਰਟੀ ਦੌਰਾਨ ਮਾਰੇ ਛਾਪੇ ’ਚ ਹਿਰਾਸਤ ਵਿੱਚ ਲਿਆ ਗਿਆ ਸੀ। -ਪੀਟੀਆਈ