ਨਵੀਂ ਦਿੱਲੀ, 16 ਸਤੰਬਰ
ਅੰਡਰ-ਗਰੈਜੂਏਟ (ਯੂਜੀ) ਦਾਖਲਿਆਂ ਲਈ ਪਲੇਠੀ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ (ਸੀਯੂਈਟੀ) ਦੇ ਨਤੀਜੇ ਐਲਾਨ ਦਿੱਤੇੇ ਗਏ ਹਨ। ਨੈਸ਼ਨਲ ਟੈਸਟਿੰਗ ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਨਤੀਜਾ ਪਹਿਲਾਂ ਵੀਰਵਾਰ ਰਾਤ 10 ਵਜੇ ਐਲਾਨਿਆ ਜਾਣਾ ਸੀ, ਪਰ ਵੱਡੇ ਡੇਟਾਬੇਸ ਕਰਕੇ ਹੋਈ ਦੇਰੀ ਦੇ ਮੱਦੇਨਜ਼ਰ ਨਤੀਜਾ ਰਾਤ ਬਾਰਾਂ ਵਜੇ ਤੋਂ ਬਾਅਦ ਐਲਾਨ ਦਿੱਤਾ ਗਿਆ।
ਐੱਨਟੀਏ ਦੀ ਸੀਨੀਅਰ ਡਾਇਰੈਕਟਰ (ਪ੍ਰੀਖਿਆਵਾਂ) ਸਾਧਨਾ ਪਰਾਸ਼ਰ ਨੇ ਕਿਹਾ, ‘‘ਮੈਰਿਟ ਸੂਚੀ, ਦਾਖ਼ਲਾ ਪ੍ਰੀਖਿਆ ਵਿੱਚ ਸ਼ਾਮਲ ਯੂਨੀਵਰਸਿਟੀਆਂ ਵੱਲੋਂ ਤਿਆਰ ਕੀਤੀ ਜਾਵੇਗੀ ਤੇ ਉਹ ਸੀਯੂਈਟੀ-ਯੂਜੀ ਸਕੋਰ ਕਾਰਡ ਦੇ ਆਧਾਰ ’ਤੇ ਆਪੋ ਆਪਣੀ ਕਾਊਂਸਲਿੰਗ ਬਾਰੇ ਫੈਸਲਾ ਲੈਣਗੀਆਂ।’’ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਅੰਡਰਗਰੈਜੂਏਟ ਦਾਖ਼ਲਿਆਂ ਦੇ ਗੇਟਵੇਅ ਵਜੋਂ ਸੀਯੂਈਟੀ-ਯੂਜੀ ਦਾ ਪਹਿਲਾ ਸੰਸਕਰਣ ਜੁਲਾਈ ਵਿੱਚ ਸ਼ੁਰੂ ਹੋ ਕੇ 30 ਅਗਸਤ ਨੂੰ ਮੁੱਕਿਆ ਸੀ। ਇਸ ਪ੍ਰੀਖਿਆ ਵਿੱਚ 60 ਫੀਸਦ ਵਿਦਿਆਰਥੀ ਬੈਠੇ ਸਨ। ਪਰਾਸ਼ਰ ਮੁਤਾਬਕ ਹਰ ਉਮੀਦਵਾਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ‘ਬਰਾਬਰ ਦੇ ਪਰਸੈਂਟਾਈਲ ਤਰੀਕੇ’ ਨਾਲ ਕੀਤਾ ਜਾਵੇਗਾ। ਇਸ ਢੰਗ-ਤਰੀਕੇ ਤਹਿਤ, ਹਰੇਕ ਉਮੀਦਵਾਰ ਦੇ ਸਾਧਾਰਨ ਅੰਕਾਂ ਦੀ ਗਣਨਾ ਉਸੇ ਵਿਸ਼ੇ ਲਈ ਕਈ ਦਿਨਾਂ ਦੇ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਹਰੇਕ ਸਮੂਹ ਦੀ ਪ੍ਰਤੀਸ਼ਤਤਾ ਦੀ ਵਰਤੋਂ ਕਰਕੇ ਕੀਤੀ ਗਈ ਸੀ। ਉਨ੍ਹਾਂ ਕਿਹਾ, ‘‘ਕਈ ਵਿਸ਼ਿਆਂ ਲਈ ਸੀਯੂਈਟੀ-ਯੂਜੀ ਵੱਖ ਵੱਖ ਸ਼ਿਫ਼ਟਾਂ ਵਿੱਚ ਕਰਵਾਈ ਗਈ ਸੀ। ਉਨ੍ਹਾਂ ਕਿਹਾ, ‘‘ਸ਼ਿਫਟਾਂ ਵਿੱਚ ਵਿਦਿਆਰਥੀਆਂ ਦੇ ਸਕੋਰ ਸਿੱਧੇ ਤੌਰ ’ਤੇ ਤੁਲਨਾਯੋਗ ਨਹੀਂ ਹਨ। ਇਸ ਲਈ, ਸ਼ਿਫਟਾਂ ਵਿੱਚ ਅੰਕਾਂ ਨੂੰ ਤੁਲਨਾਵਾਂ ਦੇ ਅਨੁਕੂਲ ਬਣਾਉਣ ਲਈ ਆਮ ਬਣਾਉਣ ਦੀ ਲੋੜ ਸੀ।’’ -ਪੀਟੀਆਈ