ਭੱਦਰਵਾਹ/ਜੰਮੂ, 11 ਜੂਨ
ਜੰਮੂ ਦੀ ਚਨਾਬ ਘਾਟੀ ਦੇ ਕੁਝ ਹਿੱਸਿਆਂ ’ਚ ਹਾਲਾਤ ਤਣਾਅਪੂਰਨ ਹੋਣ ਮਗਰੋਂ ਅੱਜ ਕਰਫਿਊ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਵਿਵਾਦਤ ਟਿੱਪਣੀ ਦੇ ਰੋਸ ’ਚ ਇੱਕ ਦਿਨ ਦੇ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਕਾਰਨ ਪੀਰ ਪੰਜਾਲ ਇਲਾਕੇ ’ਚ ਆਮ ਜੀਵਨ ਪ੍ਰਭਾਵਿਤ ਰਿਹਾ।
ਉਨ੍ਹਾਂ ਦੱਸਿਆ ਕਿ ਇਲਾਕੇ ’ਚ ਫਿਰਕੂ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਸਰਕਾਰ ਨੂੰ ਇਲਾਕੇ ’ਚ ਅਮਨ-ਸ਼ਾਂਤੀ ਦੀ ਸਥਿਤੀ ਭੰਗ ਕਰਨ ਵਾਲੇ ਸ਼ਰਾਰਤੀ ਤੱਤਾਂ ਖ਼ਿਲਾਫ਼ ਸਖਤ ਕਾਰਵਾਈ ਦੀ ਅਪੀਲ ਕੀਤੀ ਹੈ। ਇਹਤਿਆਤ ਵਜੋਂ ਭੱਦਰਵਾਹ ਤੇ ਕਿਸ਼ਤਵਾੜ ਸ਼ਹਿਰਾਂ ਸਮੇਤ ਕਈ ਇਲਾਕਿਆਂ ’ਚ ਬਰਾਡਬੈਂਡ ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ। ਅਧਿਕਾਰੀਆਂ ਅਨੁਸਾਰ ਬਾਅਦ ਵਿੱਚ ਇਹਤਿਆਤ ਵਜੋਂ ਕਿਸ਼ਤਵਾੜ ਸ਼ਹਿਰ ਦੇ ਨਾਲ ਨਾਲ ਭੱਦਰਵਾਹ ਤੇ ਡੋਡਾ ਜ਼ਿਲ੍ਹੇ ਦੇ ਕੁਝ ਹੋਰ ਹਿੱਸਿਆਂ ’ਚ ਕਰਫਿਊ ਲਗਾ ਦਿੱਤਾ ਗਿਆ ਹੈ। -ਪੀਟੀਆਈ
ਫਿਰਕੂ ਤਣਾਅ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਰਿਹੈ ਪ੍ਰਸ਼ਾਸਨ
ਇੱਕ ਸੀਨੀਅਰ ਪ੍ਰਸ਼ਾਸਨਿਕ ਸਰਕਾਰੀ ਅਧਿਕਾਰੀ ਨੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਗ਼ੈਰ-ਜ਼ਿੰਮੇਵਾਰੀ ਵਾਲੀਆਂ ਟਿੱਪਣੀਆਂ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੰਮੂ ਖੇਤਰ ਦੀ ਚਿਨਾਬ ਘਾਟੀ ’ਚ ਫਿਰਕੂ ਤਣਾਅ ਭੜਕਾਉਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕਿਹਾ ਕਿ ਪੁਲੀਸ ਨੇ ਵੱਖ ਵੱਖ ਸ਼ਿਕਾਇਤਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀਆਂ ਹਨ ਅਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।