ਨੋਇਡਾ, 16 ਅਕਤੂਬਰ
ਦੇਸ਼ ਦੀ ਮਸ਼ਹੂਰ ਫੂਡ ਐਂਡ ਪੈਕੇਜਿੰਗ ਕੰਪਨੀ ਹਲਦੀਰਾਮ ’ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਕੰਪਨੀ ਦੀ ਤਰਫੋਂ ਥਾਣਾ ਸੈਕਟਰ 58 ਵਿੱਚ ਸ਼ਿਕਾਇਤ ਕੀਤੀ ਗਈ ਹੈ। ਸਾਈਬਰ ਅਪਰਾਧੀਆਂ ਨੇ ਕੰਪਨੀ ਦੇ ਕਈ ਵਿਭਾਗਾਂ ਦਾ ਡਾਟਾ ਡਿਲੀਟ ਕਰ ਦਿੱਤਾ ਹੈ, ਜਿਸ ਕਾਰਨ ਕੰਪਨੀ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅੰਕੜੇ ਵਾਪਸ ਕਰਨ ਦੇ ਬਦਲੇ ਸਾਈਬਰ ਅਪਰਾਧੀਆਂ ਨੇ ਸੱਤ ਲੱਖ ਰੁਪਏ ਫਿਰੌਤੀ ਮੰਗੀ ਹੈ। ਪੁਲੀਸ ਕਮਿਸ਼ਨਰ ਆਲੋਕ ਸਿੰਘ ਦੇ ਮੀਡੀਆ ਇੰਚਾਰਜ ਅਭਿਨੇਂਦਰ ਸਿੰਘ ਨੇ ਦੱਸਿਆ ਕਿ ਕੰਪਨੀ ਦਾ ਨੋਇਡਾ ਦੇ ਸੈਕਟਰ 62 ਦੇ ਸੀ-ਬਲਾਕ ਵਿੱਚ ਕਾਰਪੋਰੇਟ ਦਫ਼ਤਰ ਹੈ। ਕੰਪਨੀ ਦਾ ਆਈਟੀ ਵਿਭਾਗ ਇਥੋਂ ਚਲਦਾ ਹੈ। ਹਲਦੀਰਾਮ ਕੰਪਨੀ ਦੇ ਡੀਜੀਐੱਮ ਅਜ਼ੀਜ਼ ਖਾਨ ਨੇ ਪੁਲੀਸ ਨੂੰ ਦੱਸਿਆ ਕਿ 12 ਅਤੇ 13 ਜੁਲਾਈ ਦੀ ਰਾਤ ਨੂੰ ਵਾਇਰਸ ਦਾ ਹਮਲਾ ਹੋਇਆ ਸੀ। ਇਸ ਕਾਰਨ ਕਈ ਅਹਿਮ ਦਸਤਾਵੇਜ਼ ਗਾਇਬ ਹੋ ਗਏ।