ਭੁਬਨੇਸ਼ਵਰ, 10 ਮਈ
ਬੰਗਾਲ ਦੀ ਖਾੜੀ ਉੱਪਰ ਬਣਿਆ ਚੱਕਰਵਾਤੀ ਤੂਫ਼ਾਨ ‘ਆਸਨੀ’ ਪੂਰਬੀ ਤੱਟ ਨੇੜੇ ਪਹੁੰਚ ਗਿਆ ਹੈ ਅਤੇ ਇਸ ਦੇ ਹੌਲੀ-ਹੌਲੀ ਕਮਜ਼ੋਰ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਚੱਕਰਵਾਤ ਕਾਰਨ 105 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤ ਦੀ ਰਫ਼ਤਾਰ ਸਵੇਰੇ ਪੰਜ ਕਿਲੋਮੀਟਰ ਪ੍ਰਤੀ ਘੰਟਾ ਸੀ ਜੋ ਬਾਅਦ ਵਿੱਚ 25 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ। ਇਹ ਬਾਅਦ ਦੁਪਹਿਰ ਕਰੀਬ 4.30 ਵਜੇ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਤੋਂ ਕਰੀਬ 210 ਕਿਲੋਮੀਟਰ ਦੱਖਣ ਤੇ ਦੱਖਣ-ਪੂਰਬ ’ਚ ਅਤੇ ਉੜੀਸਾ ਦੇ ਗੋਪਾਲਪੁਰ ਤੋਂ 510 ਕਿਲੋਮੀਟਰ ਦੱਖਣ ਤੇ ਦੱਖਣ-ਪੱਛਮ ’ਚ ਕੇਂਦਰਿਤ ਸੀ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਇਸ ਦੇ ਮੁੜ ਜ਼ੋਰ ਫੜਨ ਅਤੇ ਉੱਤਰ ਤੇ ਉੱਤਰ-ਪੂਰਬ ਦਿਸ਼ਾ ’ਚ ਤੱਟ ਦੇ ਬਰਾਬਰ ਚੱਲਣ ਦੀ ਸੰਭਾਵਨਾ ਹੈ। ਆਈਐੱਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੰਜਯ ਮੋਹਾਪਾਤਰਾ ਨੇ ਕਿਹਾ ਕਿ ਚੱਕਰਵਾਤ ਪਹਿਲਾਂ ਹੀ ਰਫ਼ਤਾਰ ਦੇ ਆਪਣੇ ਸਿਖਲਰੇ ਪੱਧਰ ’ਤੇ ਪਹੁੰਚ ਚੁੱਕਾ ਹੈ ਅਤੇ ਹੁਣ ਹੌਲੀ ਹੌਲੀ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਕਿਹਾ, ‘ਸ਼ਾਮ ਨੂੰ ਆਂਧਰਾ ਪ੍ਰਦੇਸ਼ ਨੇੜੇ ਪਹੁੰਚਣ ਮਗਰੋਂ ਤੂਫ਼ਾਨ ਆਪਣਾ ਰਾਹ ਬਦਲੇਗਾ ਤੇ ਉੜੀਸਾ ਤੱਟ ਦੇ ਨਾਲ ਨਾਲ ਅੱਗੇ ਵਧੇਗਾ।’ ਉਨ੍ਹਾਂ ਕਿਹਾ ਕਿ ਖਤਰਨਾਕ ਚੱਕਰਵਾਤੀ ਤੂਫ਼ਾਨ ਭਲਕੇ ਕਮਜ਼ੋਰ ਹੋ ਕੇ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋ ਜਾਵੇਗਾ ਤੇ 12 ਮਈ ਨੂੰ ਡੂੰਘੇ ਦਬਾਅ ’ਚ ਤਬਦੀਲ ਹੋ ਜਾਵੇਗਾ। -ਪੀਟੀਆਈ