ਭੁਬਨੇਸ਼ਵਰ, 22 ਅਕਤੂਬਰ
ਉੱਤਰੀ ਅੰਡੇਮਾਨ ਸਾਗਰ ’ਤੇ ਬਣੇ ਘੱਟ ਦਬਾਅ ਦੇ ਖੇਤਰ ਦੇ ਸ਼ਨਿਚਰਵਾਰ ਨੂੰ ਹੋਰ ਗਹਿਰਾ ਹੋਣ ਤੋਂ ਬਾਅਦ 24 ਅਕਤੂਬਰ ਤੱਕ ਇਸ ਦੇ ਚੱਕਰਵਾਤ ਦਾ ਰੂਪ ਲੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਬੰਗਾਲ ਦੇ ਸਾਗਰ ਦੀਪ ਤੋਂ ਲਗਭਗ 1,460 ਕਿਲੋਮੀਟਰ ਦੂਰ ਦੱਖਣ-ਦੱਖਣ ਪੂਰਬ ਵਿਚ ਇਹ ਘੱਟ ਦਬਾਅ ਦਾ ਖੇਤਰ ਬਣਿਆ ਹੈ। ਵਿਭਾਗ ਮੁਤਾਬਕ ਇਹ ਘੱਟ ਦਬਾਅ ਦਾ ਖੇਤਰ ਪੱਛਮ-ਉੱਤਰ ਪੱਛਮ ਵੱਲ ਅੱਗੇ ਵਧ ਰਿਹਾ ਹੈ ਤੇ ਸ਼ਨਿਚਰਵਾਰ ਸਵੇਰ ਲਗਭਗ ਸਾਢੇ ਅੱਠ ਵਜੇ ਤੋਂ ਅੰਡੇਮਾਨ ਸਾਗਰ ਤੋਂ ਪਾਰ ਗੰਭੀਰ ਰੂਪ ਲੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਇਸ ਦੇ ਉੱਤਰ-ਪੱਛਮ ਵੱਲ ਵਧਣ ਤੇ 23 ਅਕਤੂਬਰ ਦੀ ਸਵੇਰ ਤੱਕ ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਆਸ-ਪਾਸ ਦੇ ਪੂਰਬੀ ਮੱਧ ਖੇਤਰ ਵਿਚ ਘੱਟ ਦਬਾਅ ਦੇ ਖੇਤਰ ਕਾਰਨ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਮੁਤਾਬਕ ਇਸ ਦੇ ਹੌਲੀ-ਹੌਲੀ ਉੱਤਰ- ਉੱਤਰ ਪੂਰਬ ਵੱਲ ਵਧਣ ਤੇ 24 ਅਕਤੂਬਰ ਦੀ ਸਵੇਰ ਤੱਕ ਬੰਗਾਲ ਦੀ ਖਾੜੀ ਦੇ ਮੱਧ ਵਿਚ ਚੱਕਰਵਾਤੀ ਤੂਫ਼ਾਨ ਦਾ ਰੂਪ ਲੈਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਥਾਈਲੈਂਡ ਨੇ ਇਸ ਸੰਭਾਵੀ ਚੱਕਰਵਾਤੀ ਤੂਫ਼ਾਨ ਲਈ ‘ਸਿਤਰੰਗ’ ਨਾਂ ਸੁਝਾਇਆ ਹੈ। ਇਸੇ ਦੌਰਾਨ ਉੜੀਸਾ ਦੇ ਤੱਟਵਰਤੀ ਖੇਤਰਾਂ ਵਿਚ ਭਰਵੀਂ ਬਾਰਿਸ਼ ਦੀ ਪੇਸ਼ੀਨਗੋਈ ਤੋਂ ਬਾਅਦ ਰਾਜ ਸਰਕਾਰ ਉਸ ਨਾਲ ਨਜਿੱਠਣ ਲਈ ਤਿਆਰੀਆਂ ਵਿਚ ਜੁੱਟ ਗਈ ਹੈ। ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਪੁਰੀ, ਜਗਤਸਿੰਹਪੁਰ, ਕੇਂਦਰਪਾੜਾ, ਭਦਰਕ, ਬਾਲੇਸ਼ਵਰ ਤੇ ਹੋਰ ਥਾਵਾਂ ’ਤੇ ਵੀ ਮੋਹਲੇਧਾਰ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। -ਪੀਟੀਆਈ