ਕੋਲਕਾਤਾ, 26 ਮਈ
ਚੱਕਰਵਾਤੀ ਤੂਫ਼ਾਨ ‘ਰੇਮਲ’ ਬੰਗਲਾਦੇਸ਼ ਤੇ ਨਾਲ ਲੱਗਦੇ ਪੱਛਮੀ ਬੰਗਾਲ ਦੇ ਸਾਹਿਲਾਂ ਦਰਮਿਆਨ ਅੱਧੀ ਰਾਤ ਨੂੰ ਦਸਤਕ ਦੇ ਸਕਦਾ ਹੈ। ਇਸ ਦੌਰਾਨ 110 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅਨੁਮਾਨ ਹੈ, ਜੋ ਵੱਧ ਕੇ 135 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ। ਚੱਕਰਵਾਤੀ ਤੂਫਾਨ ਕਰਕੇ ਪੱਛਮੀ ਬੰਗਾਲ ਦੇ ਸਾਹਿਲੀ ਜ਼ਿਲ੍ਹਿਆਂ ਵਿਚ ਬਹੁਤ ਭਾਰੀ ਮੀਂਹ ਅਤੇ ਕੋਲਕਾਤਾ ਤੇ ਨਾਲ ਲੱਗਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਦੀ ਚਿਤਾਵਨੀ ਮਗਰੋਂ ਪੂਰਬੀ ਤੇ ਦੱਖਣ ਪੂਰਬੀ ਰੇਲਵੇ ਨੇ ਐਤਵਾਰ ਤੇ ਸੋਮਵਾਰ ਨੂੰ ਕਈ ਰੇਲਗੱਡੀਆਂ ਰੱਦ ਕਰ ਦਿੱਤੀਆਂ ਹਨ। ਮੌਸਮ ਵਿਭਾਗ ਨੇ ਮਛੇਰਿਆਂ ਨੂੰ 27 ਮਈ ਦੀ ਸਵੇਰ ਤੱਕ ਬੰਗਾਲ ਦੀ ਖਾੜ੍ਹੀ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਕੋਲਕਾਤਾ ਹਵਾਈ ਅੱਡਾ ਅਥਾਰਿਟੀ ਨੇ ਵੀ ਐਤਵਾਰ ਨੂੰ ਦੁਪਹਿਰੇ 12 ਵਜੇ ਤੋਂ ਅਗਲੇ 21 ਘੰਟਿਆਂ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। -ਪੀਟੀਆਈ