ਨਵੀਂ ਦਿੱਲੀ, 14 ਜੂਨ
ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਦਰ ਦੇ ਅਸਮਾਨੀ ਪੁੱਜਣ ਦੀ ਇਕ ਮੁੱਖ ਵਜ੍ਹਾ ਤੇਲ ਕੀਮਤਾਂ ਵਿੱਚ ਨਿੱਤ ਦਾ ਵਾਧਾ ਹੈ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨਾਲ ਜੁੜੇ ਅੰਕੜੇ ਸਰਕਾਰ ਨੂੰ ਇਕ ਸਮਰੱਥ ਆਰਥਿਕ ਪ੍ਰਬੰਧਨ ਲਈ ਮਿਲੇ ਵਧੇਰੇ ਨੰਬਰ ਹਨ। ਸਾਬਕਾ ਵਿੱਤ ਮੰਤਰੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਮਈ ਵਿੱਚ ਪ੍ਰਚੂਨ ਮਹਿੰਗਾਈ ਦਰ ਵੱਧ ਦੇ 6.3 ਫੀਸਦ ਹੋ ਗਈ ਹੈ, ਜੋ ਆਰਬੀਆਈ ਦੇ ਤਸੱਲੀਬਖ਼ਸ਼ ਪੱਧਰ ਤੋਂ ਕਿਤੇ ਵੱਧ ਹੈ। ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਰਕੇ ਪ੍ਰਚੂਨ ਮਹਿੰਗਾਈ ਦਰ ਨੇ ਸ਼ੂਟ ਵੱਟੀ ਹੈ। ਚਿਦੰਬਰਮ ਨੇ ਇਕ ਟਵੀਟ ਵਿੱਚ ਕਿਹਾ, ‘ਥੋਕ ਕੀਮਤ ਸੂਚਕ (ਡਬਲਿਊਪੀਆਈ) ਅੰਕ 12.94 ਫੀਸਦ ਤੇ ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) 6.3 ਫੀਸਦ ਹੈ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕੇ ਅਜਿਹਾ ਕਿਉਂ ਹੈ? ਈਂਧਣ ਤੇ ਬਿਜਲੀ ਅਧਾਾਰਿਤ ਮਹਿੰਗਾਈ ਦਰ 37.61 ਫੀਸਦ ਹੈ। ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਵਧਦੀਆਂ ਕੀਮਤਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕਰਨਾ ਬਣਦਾ ਹੈ।’ ਸਾਬਕਾ ਵਿੱਤ ਮੰਤਰੀ ਨੇ ਕਿਹਾ, ‘‘ਖੁਰਾਕੀ ਮਹਿੰਗਾਈ ਦਰ 6.3 ਫੀਸਦ ਹੈ। ਜਾਣਦੇ ਉਹ ਕਿਉਂ? ਦਾਲਾਂ 9.3 ਫੀਸਦ ਮਹਿੰਗੀਆਂ ਹੋਈਆਂ ਹਨ। ਖਾਣਯੋਗ ਤੇਲ ਦੀ ਮਹਿੰਗਾਈ ਦਰ 30 ਫੀਸਦ ਹੈ। ਇਹ ਸਮਰੱਥ ਆਰਥਿਕ ਪ੍ਰਬੰਧਨ ਲਈ ਉੱਚੇ ਨੰਬਰ ਹਨ।’’ ਪੀਟੀਆਈ