ਗੰਗਟੋਕ, 11 ਦਸੰਬਰ
ਤਿੱਬਤੀ ਦੇ ਅਧਿਆਤਮਕ ਆਗੂ 14ਵੇਂ ਦਲਾਈਲਾਮਾ ਤੇਨਜ਼ਿਨ ਗਯਾਤਸੋ 13 ਸਾਲ ਬਾਅਦ ਤਿੰਨ ਦਿਨਾ ਦੌਰੇ ਲਈ ਸੋਮਵਾਰ ਸਵੇਰੇ ਸਿੱਕਿਮ ਪਹੁੰਚੇ। ਉਹ ਹਿਮਾਲੀਅਨ ਰਾਜ ਵਿੱਚ ਆਪਣੀ ਰਿਹਾਇਸ਼ ਦੌਰਾਨ ‘ਬੋਧੀਸਤਵਸ ਦੇ 37 ਅਭਿਆਸਾਂ’ ਬਾਰੇ ਸਿੱਖਿਆਵਾਂ ਦੇਣਗੇ। ਦਲਾਈਲਾਮਾ ਸਵੇਰੇ 10.30 ਵਜੇ ਪੂਰਬੀ ਸਿੱਕਿਮ ਵਿੱਚ ਲਿਬਿੰਗ ਆਰਮੀ ਹੈਲੀਪੈਡ ’ਤੇ ਉਤਰੇ ਜਿੱਥੇ ਉਨ੍ਹਾਂ ਦਾ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸਵਾਗਤ ਕੀਤਾ। ਰਾਜ ਦੇ ਵੱਖ-ਵੱਖ ਮੱਠਾਂ ਦੇ ਭਿਕਸ਼ੂਆਂ ਵੱਲੋਂ ‘ਸ਼ੇਰਬਾਂਗ’ ਵਜੋਂ ਜਾਣੇ ਜਾਂਦੇ ਨਾਚ ਅਤੇ ਪ੍ਰਾਰਥਨਾ ਦੀ ਰਵਾਇਤੀ ਬੋਧੀ ਰੀਤ ਨਾਲ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ। 87 ਸਾਲਾ ਦਲਾਈਲਾਮਾ ਜਦੋਂ ਗੰਗਟੋਕ ਦੇ ਇੱਕ ਹੋਟਲ ਵਿੱਚ ਗਏ ਅਤੇ ਅਧਿਆਤਮਕ ਆਗੂ ਦੇ ਦਰਸ਼ਨਾਂ ਲਈ ਦੇਓਰਾਲੀ ਤੋਂ ਜ਼ੀਰੋ ਪੁਆਇੰਟ ਤੱਕ ਹਾਈਵੇਅ ਦੇ ਦੋਵੇਂ ਪਾਸੇ ਸੈਂਕੜੇ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। -ਪੀਟੀਆਈ