ਜੰਮੂ, 22 ਦਸੰਬਰ
ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ‘ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ’ ਨੂੰ ਸਪੱਸ਼ਟ ਲੀਡ ਦੇ ਸੰਕੇਤ ਮਿਲੇ ਹਨ। ਡੀਡੀਸੀ ਚੋਣਾਂ ਦੌਰਾਨ 280 ਸੀਟਾਂ ’ਤੇ ਚੋਣ ਲੜੀ ਗਈ, ਜਿਸ ਦੌਰਾਨ 258 ਸੀਟਾਂ ’ਤੇ ਮਿਲੇ ਰੁਝਾਨਾਂ ਤੇ ਨਤੀਜਿਆਂ ਮੁਤਾਬਕ ਕਸ਼ਮੀਰ ਦੀਆਂ ਮੁੱਖ ਪਾਰਟੀਆਂ ’ਤੇ ਅਧਾਰਤ ‘ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ’ ਨੂੰ ਜਾਂ ਤਾਂ ਸਪੱਸ਼ਟ ਜਿੱਤ ਮਿਲੀ ਹੈ ਜਾਂ ਇਹ 107 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇਸੇ ਤਰ੍ਹਾਂ ਭਾਜਪਾ 65 ਸੀਟਾਂ ਤੇ ਕਾਂਗਰਸ 22 ਸੀਟਾਂ ’ਤੇ ਅੱਗੇ ਚੱਲ ਰਹੀ ਹੈ ਜਦਕਿ ਧਾਰਾ 370 ਦੀ ਸਮਾਪਤੀ ਤੋਂ ਬਾਅਦ ਬਣੀ ‘ਅਪਨੀ ਪਾਰਟੀ’ 10 ਤੇ ਹੋਰ ਪਾਰਟੀਆਂ 54 ਸੀਟਾਂ ’ਤੇ ਅੱਗੇ ਚੱਲ ਰਹੀਆਂ ਹਨ।
ਇੰਜ, ਜਿੱਥੇ ਪੀਏਜੀਡੀ ਕਸ਼ਮੀਰ ਦੀਆਂ ਜ਼ਿਆਦਾਤਰ ਸੀਟਾਂ ’ਤੇ ਜਿੱਤ ਦੇ ਨੇੜੇ ਹੈ, ਉੱਥੇ ਭਾਜਪਾ ਨੇ ਆਪਣੇ ਰਵਾਇਤੀ ਗੜ੍ਹ ਜੰਮੂ ’ਚ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਹਾਲਾਂਕਿ, ਭਾਜਪਾ ਕਸ਼ਮੀਰ ’ਚ ਤਿੰਨ ਸੀਟਾਂ ’ਤੇ ਜਿੱਤ ਦਰਜ ਕਰਨ ’ਚ ਸਫ਼ਲ ਰਹੀ ਹੈ। ਜੰਮੂ ਕਸ਼ਮੀਰ ਦੇ ਜਨਰਲ ਸਕੱਤਰ ਅਸ਼ੋਕ ਕੌਲ ਨੇ ਟਵੀਟ ਕਰ ਕੇ ਭਾਜਪਾ ਵੱਲੋਂ ਪਹਿਲੀ ਵਾਰ ਕਸ਼ਮੀਰ ’ਚ ਡੀਡੀਸੀ ਸੀਟ ਜਿੱਤਣ ’ਤੇ ਉਮੀਦਵਾਰ ਇੰਜ. ਐਜਾਜ਼ ਹੁਸੈਨ ਨੂੰ ਵਧਾਈ ਦਿੱਤੀ ਹੈ। ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਵੀ ਟਵਿਟਰ ’ਤੇ ਕਸ਼ਮੀਰ ’ਚ ਭਾਜਪਾ ਦੀ ਜਿੱਤ ਬਾਰੇ ਦੱਸਿਆ ਹੈ। -ਪੀਟੀਆਈ
ਲੋਕਾਂ ਨੇ ਗੁਪਕਾਰ ਗੱਠਜੋੜ ਨੂੰ ਪੂਰੀ ਹਮਾਇਤ ਦਿੱਤੀ: ਉਮਰ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੇ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਚੋਣਾਂ ’ਚ ਗੁਪਕਾਰ ਗੱਠਜੋੜ ਨੂੰ ਪੂਰੀ ਹਮਾਇਤ ਦਿੱਤੀ ਹੈ ਅਤੇ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇ ਕੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਬਹਾਲ ਕਰਨ ’ਤੇ ਮੋਹਰ ਲਾਈ ਹੈ। ਉਨ੍ਹਾਂ ਜੰਮੂ ਕਸ਼ਮੀਰ ਅਪਨੀ ਪਾਰਟੀ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਡੀਡੀਸੀ ਚੋਣਾਂ ਦੇ ਨਤੀਜੇ ਭਾਜਪਾ ਅਤੇ ਉਸ ਨਾਲ ਰਲੀਆਂ ਪਾਰਟੀਆਂ ਲਈ ਅੱਖਾਂ ਖੋਲ੍ਹਣ ਵਾਲੇ ਹਨ। ਉਨ੍ਹਾਂ ਕਿਹਾ ਕਿ ਨਤੀਜਿਆਂ ਨੂੰ ਦੇਖ ਕੇ ਆਖਿਆ ਜਾ ਸਕਦਾ ਹੈ ਕਿ ਸਰਕਾਰ ਵੱਲੋਂ ਸੂਬੇ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦੇ ਇਕਪਾਸੜ ਫ਼ੈਸਲੇ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦਾ ਜਮਹੂਰੀਅਤ ’ਚ ਵਿਸ਼ਵਾਸ ਹੈ ਤਾਂ ਉਸ ਨੂੰ ਤੁਰੰਤ ਆਪਣਾ ਫ਼ੈਸਲਾ ਬਦਲ ਕੇ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। -ਪੀਟੀਆਈ
ਕਸ਼ਮੀਰ ਦੇ ਲੋਕਾਂ ਨੇ ਮੋਦੀ ’ਚ ਵਿਸ਼ਵਾਸ ਜਤਾਇਆ: ਭਾਜਪਾ
ਜੰਮੂ: ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ’ਚ ਆਪਣੀ ਪਾਰਟੀ ਦੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈਆਂ ਦਿੰਦਿਆਂ ਜੰਮੂ ਕਸ਼ਮੀਰ ਭਾਜਪਾ ਦੇ ਜਨਰਲ ਸਕੱਤਰ ਵਬਿੋਧ ਗੁਪਤਾ ਨੇ ਕਿਹਾ ਕਿ ਵਾਦੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਰੋਸਾ ਜਤਾਇਆ ਹੈ। ਭਾਜਪਾ ਪਹਿਲੀ ਵਾਰ ਕਸ਼ਮੀਰ ’ਚ ਕੋਈ ਸੀਟ ਜਿੱਤਣ ’ਚ ਕਾਮਯਾਬ ਰਹੀ ਹੈ। ਖੋਨਮੋਹ-11 (ਸ੍ਰੀਨਗਰ) ਸੀਟ ਤੋਂ ਐਜਾਜ਼ ਹੁਸੈਨ ਅਤੇ ਬਾਂਦੀਪੋਰਾ ਜ਼ਿਲ੍ਹੇ ਦੀ ਤੁਲੈਲ ਸੀਟ ਤੋਂ ਐਜਾਜ਼ ਅਹਿਮਦ ਖ਼ਾਨ ਨੇ ਚੋਣਾਂ ਜਿੱਤੀਆਂ ਹਨ। ਭਾਜਪਾ ਆਗੂ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੇ ਸ੍ਰੀ ਮੋਦੀ ਦੇ ਨਯਾ ਕਸ਼ਮੀਰ ਅਤੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਨਜ਼ਰੀਏ ’ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਵਾਦੀ ’ਚ ਬਦਲਾਅ ਦੀ ਹਵਾ ਚੱਲ ਰਹੀ ਹੈ। -ਪੀਟੀਆਈ