ਜੰਮੂ, 4 ਦਸੰਬਰ
ਜੰਮ-ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀਡੀਸੀ) ਚੋਣਾਂ ਲੜ ਰਿਹਾ ‘ਅਪਨੀ ਪਾਰਟੀ’ ਦਾ ਇੱਕ ਉਮੀਦਵਾਰ ਅਨੰਤਨਾਗ ਜ਼ਿਲ੍ਹੇ ’ਚ ਅਤਿਵਾਦੀਆਂ ਵੱਲੋਂ ਕੀਤੇ ਹਮਲੇ ’ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਵੱਲੋਂ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਕੋਕੇਰਨਾਗ ਦੇ ਸਗਮ ਇਲਾਕੇ ’ਚ ਅਨੀਸਉਲ ਇਸਲਾਮ ਗਨੀ ’ਤੇ ਹਮਲਾ ਕੀਤਾ ਗਿਆ। ਗੋਲੀ ਲੱਗਣ ਕਾਰਨ ਅਨੀਸਉਲ ਦੇ ਹੱਥ ਅਤੇ ਪੈਰ ’ਤੇ ਮਾਮੂਲੀ ਜ਼ਖ਼ਮ ਹੋਏ ਹਨ।
ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੇ ‘ਅਪਨੀ ਪਾਰਟੀ’ ਦੇ ਉਮੀਦਵਾਰ ਅਨੀਸਉਲ ਇਸਲਾਮ ਗਨੀ ’ਤੇ ਹੋਏ ਹਮਲੇ ਦੇ ਨਿਖੇਧੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ ਮਗਰੋਂ ਵੀਰਵਾਰ ਨੂੰ ਪੁਲੀਸ ਨੇ ਗਨੀ ਨੂੰ ਚੋਣ ਪ੍ਰਚਾਰ ਦੌਰਾਨ ਸੁਰੱਖਿਆ ਲੈਣ ਲਈ ਕਿਹਾ ਸੀ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ।
ਇਸੇ ਦੌਰਾਨ ਜੰਮੂ-ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀਡੀਸੀ) ਚੋਣਾਂ ਤਹਿਤ ਤੀਜੇ ਗੇੜ ਦੌਰਾਨ ਅੱਜ ਦੁਪਹਿਰ ਇੱਕ ਵਜੇ ਤੱਕ 43 ਫ਼ੀਸਦ ਮਤਦਾਨ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਪੁਣਛ ਜ਼ਿਲ੍ਹੇ ’ਚ ਸਭ ਤੋਂ ਵੱਧ 83.07 ਫ਼ੀਸਦੀ ਅਤੇ ਪੁਲਵਾਮਾ ’ਚ ਸਭ ਤੋਂ ਘੱਟ 9.31 ਫ਼ੀਸਦੀ ਵੋਟਾਂ ਪਈਆਂ ਹਨ। ਜੰਮੂ-ਕਸ਼ਮੀਰ ਦੇ ਚੋਣ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਕੁਲਗਾਮ ’ਚ 58.76 ਫ਼ੀਸਦ ਮਤਦਾਨ ਹੋਇਆ। ਅੰਕੜਿਆਂ ਮੁਤਾਬਕ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਚੋਣਾਂ ਲਈ ਤੀਜੇ ਗੇੜ ਦੇ ਮਤਦਾਨ ਦੌਰਾਨ ਦੁਪਹਿਰ ਇੱਕ ਵਜੇ ਤੱਕ 43.03 ਫ਼ੀਸਦੀ ਵੋਟਾਂ ਪਈਆਂ।
-ਪੀਟੀਆਈ