ਨਵੀਂ ਦਿੱਲੀ: ਊੱਘੀ ਆਰਥਿਕ ਮਾਹਿਰ ਅਤੇ ਪਦਮ ਭੂਸ਼ਣ ਨਾਲ ਸਨਮਾਨਤ ਈਸ਼ਰ ਜੱਜ ਆਹਲੂਵਾਲੀਆ (74) ਦਾ ਅੱਜ ਦੇਹਾਂਤ ਹੋ ਗਿਆ ਹੈ। ਪਿਛਲੇ ਮਹੀਨੇ ਊਨ੍ਹਾਂ ਆਪਣੀ ਵਿਗੜਦੀ ਸਿਹਤ ਕਾਰਨ ਕੌਮਾਂਤਰੀ ਆਰਥਿਕ ਸਬੰਧਾਂ ਬਾਰੇ ਭਾਰਤੀ ਖੋਜ ਪ੍ਰੀਸ਼ਦ ਤੋਂ ਅਸਤੀਫ਼ਾ ਦੇ ਦਿੱਤਾ ਸੀ। ਊਹ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਪਰਸਨ ਮੌਂਟੇਕ ਸਿੰਘ ਆਹਲੂਵਾਲੀਆ ਦੀ ਪਤਨੀ ਸਨ। ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਊਨ੍ਹਾਂ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਈਸ਼ਰ ਆਹਲੂਵਾਲੀਆ ਨੇ ਮੌਂਟੇਕ ਦੀ ਪਤਨੀ ਹੋਣ ਦੇ ਬਾਵਜੂਦ ਆਪਣੀ ਵੱਖਰੀ ਪਛਾਣ ਬਣਾਈ ਸੀ। ਬਾਇਓਕੌਨ ਦੀ ਚੇਅਰਪਰਸਨ ਅਤੇ ਐੱਮਡੀ ਕਿਰਨ ਮਜ਼ੂਮਦਾਰ-ਸ਼ਾਅ ਨੇ ਟਵੀਟ ਕਰਕੇ ਕਿਹਾ ਕਿ ਊਨ੍ਹਾਂ ਦੀ ਦੋਸਤ ਅਤੇ ਆਰਥਿਕ ਮਾਹਿਰ ਈਸ਼ਰ ਆਹਲੂਵਾਲੀਆ ਕੈਂਸਰ ਨਾਲ ਜੰਗ ਮਗਰੋਂ ਸਾਰਿਆਂ ਨੂੰ ਅਲਵਿਦਾ ਆਖ ਗਈ ਹੈ। ਸਾਬਕਾ ਵਿਦੇਸ਼ ਸਕੱਤਰ ਨਿਰੂਪਮਾ ਮੈਨਨ ਰਾਓ ਨੇ ਕਿਹਾ ਕਿ ਊਨ੍ਹਾਂ ਦੀ ਜ਼ਿੰਦਗੀ ਸਾਰੀਆਂ ਔਰਤਾਂ ਲਈ ਪ੍ਰੇਰਣਾ ਹੈ ਜੋ ਬਿਹਤਰ ਦੁਨੀਆ ਦਾ ਸੁਫ਼ਨਾ ਦੇਖਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਈਸ਼ਰ ਆਹਲੂਵਾਲੀਆ ਦੇ ਦੇਹਾਂਤ ਅਫਸੋਸ ਜਤਾਇਆ ਹੈ। -ਪੀਟੀਆਈ