ਮੁੰਬਈ, 17 ਜਨਵਰੀ
ਉੱਘੇ ਭਾਰਤੀ ਸ਼ਾਸਤਰੀ ਸੰਗੀਤਕਾਰ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਉਸਤਾਦ ਗੁਲਾਮ ਮੁਸਤਫ਼ਾ ਖ਼ਾਨ (89) ਦਾ ਅੱਜ ਦੁਪਹਿਰ ਇਥੇ ਉਨ੍ਹਾਂ ਦੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਨੂੰਹ ਨਮਰਤਾ ਗੁਪਤਾ ਖ਼ਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਮਾਲਿਸ਼ ਦੌਰਾਨ ਉਨ੍ਹਾਂ ਨੂੰ ਉਲਟੀ ਆਈ ਅਤੇ ਉਹ ਹੌਲੀ-ਹੌਲੀ ਸਾਹ ਲੈ ਰਹੇ ਸਨ। ਜਦੋਂ ਤੱਕ ਡਾਕਟਰ ਬਾਂਦਰਾ ਸਥਿਤ ਘਰ ਪਹੁੰਚੇ ਤਾਂ ਉਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਸੀ। ਉਨ੍ਹਾਂ 3 ਮਾਰਚ ਨੂੰ 90 ਸਾਲ ਦਾ ਹੋ ਜਾਣਾ ਸੀ। ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਬਦਾਯੂੰ ’ਚ 3 ਮਾਰਚ 1931 ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਉਸਤਾਦ ਵਾਰਿਸ ਹੁਸੈਨ ਖ਼ਾਨ ਮਸ਼ਹੂਰ ਸੰਗੀਤਕਾਰ ਉਸਤਾਦ ਮੁਰਾਦ ਬਖ਼ਸ਼ ਦੇ ਬੇਟੇ ਸਨ ਜਦਕਿ ਉਨ੍ਹਾਂ ਦੀ ਮਾਂ ਸਾਬਰੀ ਬੇਗਮ, ਉਸਤਾਦ ਇਨਾਯਤ ਹੁਸੈਨ ਖ਼ਾਨ ਦੀ ਬੇਟੀ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲਤਾ ਮੰਗੇਸ਼ਕਰ ਅਤੇ ਏ ਆਰ ਰਹਿਮਾਨ ਸਮੇਤ ਹੋਰਾਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਸੋਗ ਜਤਾਇਆ ਹੈ। -ਪੀਟੀਆਈ