ਚੰਡੀਗੜ੍ਹ, 29 ਜੁਲਾਈ
ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਜੰਗ ਲੜਨ ਲਈ ਭੇਜੇ ਗਏ ਹਰਿਆਣਾ ਦੇ 22 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੇ ਭਰਾ ਅਜੇ ਮੌਨ ਨੇ ਦੱਸਿਆ ਕਿ ਮੋਸਕੋ ਸਥਿਤ ਭਾਰਤੀ ਦੂਤਾਵਾਸ ਨੇ ਰਵੀ ਮੌਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਰਵੀ ਮੌਨ ਨੌਕਰੀ ਸਬੰਧੀ 13 ਜਨਵਰੀ ਨੂੰ ਰੂਸ ਗਿਆ ਸੀ ਪਰ ਉੱਥੇ ਉਸਨੂੰ ਫ਼ੌਜ ਵਿਚ ਭਰਤੀ ਕਰ ਲਿਆ ਗਿਆ। ਪਰਿਵਾਰ ਨੂੰ ਰਵੀ ਦੀ ਮੌਤ ਬਾਰੇ 21 ਜੁਲਾਈ ਨੂੰ ਭਾਰਤੀ ਦੂਤਾਵਾਸ ਨੂੰ ਭੇਜੇ ਪੱਤਰ ਤੋਂ ਬਾਅਦ ਪਤਾ ਲੱਗਾ ਹੈ।
ਮ੍ਰਿਤਕ ਦੇ ਭਰਾ ਅਜੇ ਮੌਨ ਨੇ ਦੋਸ਼ ਲਾਇਆ ਕਿ ਰੂਸੀ ਸੈਨਾ ਨੇ ਉਸਦੇ ਭਰਾ ਨੂੰ ਕਿਹਾ ਸੀ ਕਿ ਉਹ ਯੂਕਰੇਨ ਖ਼ਿਲਾਫ਼ ਜੰਗ ਲੜਨ ਲਈ ਮੋਰਚੇ ਤੇ ਜਾਵੇ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹੇ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਇਕ ਏਕੜ ਜ਼ਮੀਨ ਵੇਚ ਆਪਣੇ ਪੁੱਤਰ ਨੂੰ ਵਿਦੇਸ਼ ਕੰਮ ਕਰਨ ਲਈ ਭੇਜਿਆ ਸੀ, ਹੁਣ ਉਨ੍ਹਾਂ ਕੋਲ ਪੁੱਤਰ ਦੀ ਦੇਹ ਭਾਰਤ ਵਾਪਸ ਮੰਗਵਾਉਣ ਯੋਗ ਪੈਸੇ ਨਹੀਂ ਹਨ। ਉਨ੍ਹਾਂ ਦੇਹ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕੀਤੀ ਹੈ। -ਪੀਟੀਆਈ