ਗੁਰੂਗਰਾਮ: ਸਮਾਜਵਾਦੀ ਪਾਰਟੀ ਦੇ ਬਾਨੀ ਤੇ ਤਿੰਨ ਵਾਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਮੁਲਾਇਮ ਸਿੰਘ ਯਾਦਵ ਦਾ ਗੁਰੂਗਰਾਮ ਦੇ ਨਿੱਜੀ ਹਸਪਤਾਲ ਵਿਚ ਅੱਜ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।
ਯਾਦਵ ਸਰਗਰਮ ਸਿਆਸਤ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਧਿਆਪਨ ਕਿੱਤੇ ਵਿੱਚ ਸਨ। ਉਹ 1967 ਤੋਂ 1996 ਤੱਕ ਅੱਠ ਵਾਰ ਯੂਪੀ ਅਸੈਂਬਲੀ ਲਈ ਚੁਣੇ ਗਏ। 1996 ਤੋਂ ਸੱਤ ਵਾਰ ਲੋਕ ਸਭਾ ਮੈਂਬਰ ਰਹੇ। 1989 ਵਿੱਚ ਪਹਿਲੀ ਵਾਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਉਹ ਸਪਾ ਵਿੱਚ ਨੇਤਾ ਜੀ ਦੇ ਨਾਂ ਨਾਲ ਮਕਬੂਲ ਸਨ। ਸਪਾ ਪ੍ਰਧਾਨ ਤੇ ਮੁਲਾਇਮ ਸਿੰਘ ਯਾਦਵ ਦੇ ਵੱਡੇ ਪੁੱਤਰ ਅਖਿਲੇਸ਼ ਯਾਦਵ ਨੇ ਟਵੀਟ ਕਰ ਕੇ ਨੇਤਾਜੀ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ।
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੁਲਾਇਮ ਸਿੰਘ ਯਾਦਵ ਦੇ ਅਕਾਲ ਚਲਾਣੇ ਉਤੇ ਦੁਖ ਦਾ ਇਜਹਾਰ ਕਰਦਿਆਂ ਸੂਬੇ ਵਿੱਚ ਤਿੰਨ ਦਿਨਾ ਸ਼ੋਕ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਕਿ ਯਾਦਵ ਦਾ ਪੂਰੇ ਸਨਮਾਨ ਨਾਲ ਸਸਕਾਰ ਕੀਤਾ ਜਾਵੇਗਾ। ਯਾਦਵ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਯੂਪੀ ਦੇ ਸੈਫਈ ਵਿੱਚ ਕੀਤਾ ਜਾਵੇਗਾ।