ਨਵੀਂ ਦਿੱਲੀ: ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਸੰਵਿਧਾਨ ਦਿਵਸ ਮੌਕੇ ਸੰਸਦ ’ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਵਿਧਾਨ ’ਚ ਦੇਸ਼ ਦੇ ਲੋਕਤੰਤਰੀ ਗਣਤੰਤਰ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਨ ਮੰਡਲਾਂ ’ਚ ਚਰਚਾ ਅਤੇ ਬਹਿਸ ਹੋਣੀ ਚਾਹੀਦੀ ਹੈ ਅਤੇ ਅੜਿੱਕੇ ਡਾਹ ਕੇ ਇਸ ਨੂੰ ਕਾਰਜਹੀਣ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਰਾਜ ਸਭਾ ਦੇ ਚੇਅਰਮੈਨ ਨੇ ਸੰਸਦ ਦੀ ਕਾਰਵਾਈ ਦੌਰਾਨ ਅੜਿੱਕੇ ਡਾਹੁਣ ’ਤੇ ਫਿਕਰ ਜਤਾਇਆ ਅਤੇ ਕਿਹਾ ਕਿ ਸਰਕਾਰ ਨੂੰ ਦਿੱਤੇ ਗਏ ਫਤਵੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 254ਵੇਂ ਇਜਲਾਸ ਦੌਰਾਨ ਕੰਮਕਾਰ ਘੱਟ ਕੇ 29.60 ਫੀਸਦ ਰਹਿ ਗਿਆ ਜਿਸ ਦਾ ਅਰਥ ਹੈ ਕਿ ਰਾਜ ਸਭਾ ’ਚ ਕੰਮਕਾਜ ਦੇ 70 ਫੀਸਦ ਸਮੇਂ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ ਅਤੇ ਪਾਰਟੀਆਂ ਨੂੰ ਦੇਸ਼ ਲਈ ਪੂਰੇ ਜੋਸ਼ ਨਾਲ ਕੰਮ ਕਰਨਾ ਚਾਹੀਦਾ ਹੈ। -ਪੀਟੀਆਈ