ਨਵੀਂ ਦਿੱਲੀ, 16 ਦਸੰਬਰ
16 ਦਸੰਬਰ 2012 ਨੂੰ ਵਿਦਿਆਰਥਣ ਨਾਲ ਉਸ ਦੇ ਮਿੱਤਰ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਵਿੱਚ ਚੱਲਦੀ ਬੱਸ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਬੱਸ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਸੀ। ਪੀੜਤ ਨੂੰ ਬਾਅਦ ‘ਚ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ, ਉੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ 23 ਸਾਲਾ ਪੀੜਤਾ ਦਾ ਨਾਂ ”ਨਿਰਭਯਾ” ਸੀ ਅਤੇ ਉਸ ਲਈ ਇਨਸਾਫ ਦੀ ਮੰਗ ਨੇ ਦੇਸ਼ ‘ਚ ਅੰਦੋਲਨ ਦਾ ਰੂਪ ਲੈ ਲਿਆ ਸੀ। ਇਸ ਮਾਮਲੇ ਵਿੱਚ ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੈ ਸ਼ਰਮਾ ਅਤੇ ਅਕਸ਼ੈ ਕੁਮਾਰ ਸਿੰਘ ਸਮੇਤ ਛੇ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਨਾਬਾਲਗ ਸੀ। ਇਸ ਕੇਸ ਦੇ ਦੋਸ਼ੀ ਰਾਮ ਸਿੰਘ ਨੇ ਮੁਕੱਦਮਾ ਸ਼ੁਰੂ ਹੋਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਸੀ। ਮੁਕੱਦਮੇ ਤੋਂ ਬਾਅਦ ਨਾਬਾਲਗ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸੁਧਾਰ ਘਰ ਭੇਜ ਦਿੱਤਾ ਗਿਆ। ਤਿੰਨ ਸਾਲ ਸੁਧਾਰ ਘਰ ਵਿੱਚ ਬਿਤਾਉਣ ਤੋਂ ਬਾਅਦ ਉਸਨੂੰ 2015 ਵਿੱਚ ਰਿਹਾਅ ਕੀਤਾ ਗਿਆ ਸੀ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਖਿਰਕਾਰ 20 ਮਾਰਚ 2020 ਨੂੰ ਇਸ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ।