ਨਵੀਂ ਦਿੱਲੀ, 8 ਫਰਵਰੀ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਰਾਜ ਸਭਾ ਵਿਚ ਦੱਸਿਆ ਕਿ ਸਰਕਾਰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਫ਼ੈਸਲਾ ਮਾਹਿਰਾਂ ਦੇ ਗਰੁੱਪ ਵੱਲੋਂ ਦਿੱਤੇ ਸੁਝਾਅ ਤੋਂ ਬਾਅਦ ਲਏਗਾ। ਜ਼ਿਕਰਯੋਗ ਹੈ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਹੁਣ ਇਸ ਉਮਰ ਵਰਗ ਦੇ ਬੱਚਿਆਂ ਦੀ ਸੁਰੱਖਿਆ ਬਾਰੇ ਫ਼ਿਕਰ ਜ਼ਾਹਿਰ ਕੀਤੇ ਜਾ ਰਹੇ ਹਨ। ਸਰਕਾਰ ਨੇ ਦੱਸਿਆ ਕਿ ਮਾਹਿਰਾਂ ਦੇ ਗਰੁੱਪ ਦੀ ਸਲਾਹ ਉਤੇ ਹੀ ਪਹਿਲਾਂ 15-18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਵੈਕਸੀਨ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਮਰ ਵਰਗ ਦੀ ਕਰੀਬ 67 ਪ੍ਰਤੀਸ਼ਤ ਆਬਾਦੀ ਦੇ ਟੀਕਾ ਲੱਗ ਗਿਆ ਹੈ। ਤੇਜ਼ੀ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਫ਼ੈਸਲਾ ਮਾਹਿਰਾਂ ਵੱਲੋਂ ਦਿੱਤੇ ਸੁਝਾਅ ਮੁਤਾਬਕ ਲਿਆ ਜਾਵੇਗਾ। ਮਾਂਡਵੀਆ ਨੇ ਕਿਹਾ ਕਿ ਮਾਹਿਰਾਂ ਦਾ ਸਮੂਹ ਲਗਾਤਾਰ ਮਿਲਦਾ ਰਹਿੰਦਾ ਹੈ ਤੇ ਸਰਕਾਰ ਨੂੰ ਸਲਾਹ ਦਿੰਦਾ ਹੈ। ਇਨ੍ਹਾਂ ਉਤੇ ਸਰਕਾਰ ਅਮਲ ਕਰਦੀ ਹੈ। ਦੱਸਣਯੋਗ ਹੈ ਕਿ ਪ੍ਰਸ਼ਨ ਕਾਲ ਦੌਰਾਨ ਭਾਜਪਾ ਮੈਂਬਰ ਸਈਦ ਜ਼ਫ਼ਰ ਇਸਲਾਮ ਨੇ ਸਵਾਲ ਪੁੱਛਿਆ ਸੀ ਕਿ ਬੱਚਿਆਂ ਨੂੰ ਓਮੀਕਰੋਨ ਤੋਂ ਕਿੰਨਾ ਖ਼ਤਰਾ ਹੈ। ਉਨ੍ਹਾਂ ਕਿਹਾ ਸੀ ਕਿ ਸਕੂਲ ਹੁਣ ਖੁੱਲ੍ਹ ਰਹੇ ਹਨ ਤੇ ਇਹ ਉਮਰ ਵਰਗ ਹਾਲੇ ਟੀਕਾਕਰਨ ਤੋਂ ਵਾਂਝਾ ਹੈ।
ਭਾਜਪਾ ਦੇ ਹੀ ਇਕ ਹੋਰ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਕਿਹਾ ਕਿ ਆਈਸੀਐਮਆਰ ਹੀ ਨਹੀਂ, ਬਲਕਿ ਆਲਮੀ ਵਿਗਿਆਨਕ ਸੰਗਠਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟੀਕਾਕਰਨ ਨਾਲ ਮੌਤ ਦਰ ਤੇ ਹਸਪਤਾਲ ਦਾਖਲ ਕਰਨ ਵਾਲਿਆਂ ਦੀ ਦਰ ਘਟੀ ਹੈ। -ਪੀਟੀਆਈ
ਪੰਜਾਬ ’ਚ ਕਰੋਨਾ ਦੇ 505 ਨਵੇਂ ਕੇਸ, 13 ਦੀ ਮੌਤ
ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਕਰਕੇ 24 ਘੰਟਿਆਂ ’ਚ 13 ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 17495 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ’ਚ 505 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 1770 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 7451 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ ’ਚ 3, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ ’ਚ 2-2, ਫਰੀਦਕੋਟ, ਕਪੂਰਥਲਾ, ਮੋਗਾ ਅਤੇ ਪਠਾਨਕੋਟ ’ਚ ਇਕ-ਇਕ ਜਣੇ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮੁਹਾਲੀ ’ਚ 121, ਅੰਮ੍ਰਿਤਸਰ ’ਚ 64, ਲੁਧਿਆਣਾ ’ਚ 44, ਜਲੰਧਰ ’ਚ 36, ਬਠਿੰਡਾ ’ਚ 34, ਗੁਰਦਾਸਪੁਰ ’ਚ 32 ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
67,597 ਪਾਜ਼ੇਟਿਵ ਕੇਸ ਅਤੇ 1188 ਮੌਤਾਂ
ਪਿਛਲੇ 24 ਘੰਟਿਆਂ ਦੌਰਾਨ ਮੁਲਕ ਵਿਚ 67,597 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਨਾਲ ਕੁੱਲ ਲਾਗ ਪੀੜਤਾਂ ਦੀ ਗਿਣਤੀ 4,23,39,611 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਐਕਟਿਵ ਕੇਸਾਂ ਦੀ ਗਿਣਤੀ ਦਸ ਲੱਖ ਤੋਂ ਹੇਠਾਂ ਆ ਗਈ ਹੈ। ਇਸੇ ਤਰ੍ਹਾਂ ਅੱਜ ਦੇ ਅੰਕੜਿਆਂ ਅਨੁਸਾਰ 1188 ਮੌਤਾਂ ਨਾਲ ਕਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 5,04,062 ਹੋ ਗਈ ਹੈ। ਇਸੇ ਦੌਰਾਨ ਕਰੋਨਾ ਦੇ ਐਕਟਿਵ ਕੇਸ ਘਟ ਕੇ 9,94,891 ਰਹਿ ਗਏ ਹਨ। ਇਹ ਦਰ ਕੁੱਲ ਲਾਗ ਦਾ 2.35 ਫ਼ੀਸਦੀ ਹੋ ਗਿਆ ਹੈ। ਮੰਤਰਾਲੇ ਅਨੁਸਾਰ ਮੁਲਕ ਵਿਚ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਦਰ ਵਧ ਕੇ 96.46 ਫ਼ੀਸਦੀ ਹੋ ਗਈ ਹੈ। ਹੁਣ ਤਕ ਮੁਲਕ ਵਿਚ 4,08,40,658 ਜਣੇ ਕਰੋਨਾ ਦੀ ਲਾਗ ਤੋਂ ਤੰਦਰੁਸਤ ਹੋ ਗਏ ਹਨ। ਕਰੋਨਾ ਪੀੜਤਾਂ ਵਿਚ ਮਰਨ ਵਾਲਿਆਂ ਦੀ ਦਰ ਕਰੀਬ 1.19 ਫ਼ੀਸਦੀ ਹੈ। ਅੰਕੜਿਆਂ ਅਨੁਸਾਰ 1188 ਮੌਤਾਂ ਵਿੱਚੋਂ ਕੇਰਲ ’ਚ 860 ਅਤੇ ਕਰਨਾਟਕ ਵਿਚ 49 ਮੌਤਾਂ ਹੋਈਆਂ ਹਨ। ਦੇਸ਼ ਵਿੱਚ ਹੁਣ ਤੱਕ ਕੁੱਲ 5,05,062 ਮੌਤਾਂ ਹੋ ਚੁੱਕੀਆਂ ਹਨ।