ਨਵੀਂ ਦਿੱਲੀ, 6 ਦਸੰਬਰ
ਸੂਫ਼ੀ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਟੀਵੀ ਚੈਨਲ ਦੇ ਐਂਕਰ ਅਮੀਸ਼ ਦੇਵਗਨ ਦੀ ਅਰਜ਼ੀ ’ਤੇ ਸੁਪਰੀਮ ਕੋਰਟ ਵੱਲੋਂ ਭਲਕੇ ਫ਼ੈਸਲਾ ਸੁਣਾਇਆ ਜਾਵੇਗਾ। ਜਸਟਿਸ ਏ ਐੱਮ ਖਾਨਵਿਲਕਰ ਅਤੇ ਸੰਜੀਵ ਖੰਨਾ ਦੇ ਬੈਂਚ ਨੇ 25 ਸਤੰਬਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਦੇਵਗਨ ਨੇ ਆਪਣੀ ਅਰਜ਼ੀ ’ਚ ਦਾਅਵਾ ਕੀਤਾ ਹੈ ਕਿ ਜ਼ੁਬਾਨ ਫਿਸਲਣ ਕਾਰਨ ਉਸ ਤੋਂ ਕੋਤਾਹੀ ਹੋਈ ਹੈ ਅਤੇ ਉਹ ਇਸ ਦੀ ਪਹਿਲਾਂ ਹੀ ਮੁਆਫ਼ੀ ਮੰਗ ਚੁੱਕਿਆ ਹੈ। ਉਸ ਦੇ ਵਕੀਲ ਸਿਧਾਰਥ ਲੂਥਰਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕਿਸੇ ਵੀ ਐੱਫਆਈਆਰ ’ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਉਸ ਦੀ ਟਿੱਪਣੀ ਨਾਲ ਜਨਤਕ ਤੌਰ ’ਤੇ ਕੋਈ ਗੜਬੜ ਹੋਈ ਹੈ। ਇਸ ਤੋਂ ਇਲਾਵਾ ਉਹ ਪਹਿਲਾਂ ਹੀ ਇਸ ਮੁੱਦੇ ’ਤੇ ਮੁਆਫ਼ੀ ਮੰਗ ਚੁੱਕਿਆ ਹੈ ਜਿਸ ਕਾਰਨ ਮੁਕੱਦਮਾ ਰੱਦ ਕੀਤਾ ਜਾਵੇ। -ਪੀਟੀਆਈ