ਸੰਯੁਕਤ ਕਿਸਾਨ ਮੋਰਚੇ ਦੀ ਲਖਨਊ ਵਿੱਚ ਪਲੇਠੀ ਮੀਟਿੰਗ; ‘ਭਾਰਤ ਬੰਦ’ ਨੂੰ ਸਫ਼ਲ ਬਣਾਉਣ ਦੀ ਅਪੀਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਸਤੰਬਰ
ਸੰਯੁਕਤ ਕਿਸਾਨ ਮੋਰਚੇ ਉੱਤਰ ਪ੍ਰਦੇਸ਼ ਦੀ ਮੀਟਿੰਗ ਅੱਜ ਲਖਨਊ ਵਿੱਚ ਸ਼ੁਰੂ ਹੋਈ ਜੋ 10 ਸਤੰਬਰ ਨੂੰ ਪ੍ਰੈਸ ਕਾਨਫਰੰਸ ਨਾਲ ਸਮਾਪਤ ਹੋਵੇਗੀ। ਮੀਟਿੰਗ ਵਿੱਚ ਫ਼ੈਸਲਾ ਹੋਇਆ ਕਿ ਸੰਯੁਕਤ ਕਿਸਾਨ ਮੋਰਚਾ, ਇਸ ਮਹੀਨੇ ਦੇ ਅਖ਼ੀਰ ਵਿੱਚ ਉੱਤਰ ਪ੍ਰਦੇਸ਼ ਦੇ ਸਾਰੇ ਡਿਵੀਜ਼ਨਲ ਹੈੱਡਕੁਆਰਟਰਾਂ ’ਤੇ ਕਿਸਾਨ ਮੁੱਦਿਆਂ ਸਬੰਧੀ ‘ਕਿਸਾਨ ਮਹਾਪੰਚਾਇਤਾਂ’ ਸੱਦੇਗਾ। ਇਨ੍ਹਾਂ ਦਾ ਮਕਸਦ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ-ਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਅੱਜ ਇੱਥੇ ਦੱਸਿਆ ਕਿ ਸ਼ਾਹਜਹਾਨਪੁਰ ਡਿਵੀਜ਼ਨਲ ਹੈੱਡਕੁਆਰਟਰ ਵਿੱਚ ਤਿਹਾੜ ਵਿਖੇ 29 ਸਤੰਬਰ ਨੂੰ ਅਜਿਹੀ ਪਹਿਲੀ ਪੰਚਾਇਤ ਸੱਦੀ ਜਾਵੇਗੀ। ਉੱਤਰ ਪ੍ਰਦੇਸ਼ਾਂ ਵਿੱਚ ਬਾਕੀ ਪੰਚਾਇਤਾਂ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਰਾਜ ਦੀਆਂ 80 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਆਗੂ ਹਿੱਸਾ ਲੈ ਰਹੇ ਹਨ। ਪ੍ਰਧਾਨਗੀ ਮੰਡਲ ਵਿੱਚ ਹਰਨਾਮ ਵਰਮਾ (ਬੀਕੇਯੂ-ਟਿਕੈਤ), ਤੇਜਿੰਦਰ ਸਿੰਘ ਵਿਰਕ (ਤਰਾਈ ਕਿਸਾਨ ਸੰਗਠਨ) ਤੇ ਡੀਪੀ ਸਿੰਘ (ਏਆਈਕੇਐਸ) ਸ਼ਾਮਲ ਹਨ। ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਡਾ. ਦਰਸ਼ਨ ਪਾਲ ਤੇ ਡਾ. ਅਸ਼ੋਕ ਧਾਵਲੇ ਨੇ ਮੁਜ਼ੱਫਰਨਗਰ ਰੈਲੀ ਦੀ ਇਤਿਹਾਸਕ ਸਫ਼ਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ। ਕਿਸਾਨ ਆਗੂਆਂ ਸਾਰਿਆਂ ਨੂੰ 27 ਸਤੰਬਰ ਦੇ ‘ਭਾਰਤ ਬੰਦ’ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਮਿਹਨਤ ਕਰਨ ਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਹਾਰ ਲਈ ਕੰਮ ਕਰਨ ਦਾ ਸੱਦਾ ਦਿੱਤਾ। ਕਈ ਕਿਸਾਨ ਸੰਗਠਨਾਂ ਦੇ ਆਗੂ ਭਵਿੱਖ ਦੇ ਕਾਰਜਾਂ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਵਿੱਚ ਹਿੱਸਾ ਲੈ ਰਹੇ ਹਨ। ਏਆਈਕੇਐੱਸ ਦੇ ਸੂਬਾਈ ਪ੍ਰਧਾਨ ਭਰਤ ਸਿੰਘ, ਉਪ ਪ੍ਰਧਾਨ ਡੀਪੀ ਸਿੰਘ, ਜਨਰਲ ਸਕੱਤਰ ਮੁਕਟ ਸਿੰਘ, ਸੰਯੁਕਤ ਸਕੱਤਰ ਚੰਦਰਪਾਲ ਸਿੰਘ, ਖਜ਼ਾਨਚੀ ਬਾਬੂਰਾਮ ਯਾਦਵ, ਏਆਈਏਡਬਲਯੂਯੂ ਦੇ ਸੂਬਾ ਪ੍ਰਧਾਨ ਸਤੀਸ਼ ਕੁਮਾਰ ਅਤੇ ਜਨਰਲ ਸਕੱਤਰ ਬੀਐੱਲ ਭਾਰਤੀ ਸ਼ਾਮਲ ਹਨ।
ਲਖਨਊ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੌਰਾਨ ਕਿਸਾਨ ਆਗੂ।