ਨਵੀਂ ਦਿੱਲੀ, 8 ਜੁਲਾਈ
ਵਿੱਤ ਮੰਤਰਾਲੇ ਨੇ ਕੌਮਾਂਤਰੀ ਉਡਾਣਾਂ ਚਲਾਉਣ ਵਾਲੀਆਂ ਘਰੇਲੂ ਏਅਰਲਾਈਨਾਂ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਤੋਂ ਏਵੀਏਸ਼ਨ ਟਰਬਾਈਨ ਈਂਧਣ (ਏਟੀਐੱਫ) ਜਾਂ ਜੈੱਟ ਈਂਧਣ ਦੀ ਖਰੀਦ ਮੌਕੇ ਲੱਗਦੀ 11 ਫੀਸਦ ਬੁਨਿਆਦੀ ਐਕਸਾਈਜ਼ ਡਿਊਟੀ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਘਰੇਲੂ ਏਅਰਲਾਈਨਾਂ ਨੂੰ ਕੌਮਾਂਤਰੀ ਰੂਟਾਂ ਲਈ ਸਪਲਾਈ ਕੀਤੇ ਜਾਂਦੇ ਏਟੀਐੱਫ ’ਤੇ ਬੇਸਿਕ ਐਕਸਾਈਜ਼ ਡਿਊਟੀ ਵਿੱਚ ਮਿਲਦੀ ਛੋਟ ਪਹਿਲੀ ਜੁਲਾਈ ਤੋਂ ਜਾਰੀ ਰਹੇਗੀ। ਸਰਕਾਰ ਵੱਲੋਂ ਪਹਿਲੀ ਜੁਲਾਈ ਨੂੰ ਜੈੱਟ ਈਂਧਣ ਦੀ ਬਰਾਮਦ ’ਤੇ 6 ਰੁਪਏ ਪ੍ਰਤੀ ਲਿਟਰ ਦੀ ਵਿਸ਼ੇਸ਼ ਵਧੀਕ ਐਕਸਾਈਜ਼ ਡਿਊਟੀ (ਐੱਸਏਈਡੀ) ਲਾਉਣ ਦੇ ਫੈਸਲੇ ਨਾਲ ਘਰੇਲੂ ਏਅਰਲਾਈਨਾਂ ਵਿੱਚ ਹਫੜਾ-ਦਫੜੀ ਵਾਲੀ ਸਥਿਤੀ ਬਣ ਗਈ ਸੀ। ਤੇਲ ਕੰਪਨੀਆਂ ਦਾ ਮੰਨਣਾ ਸੀ ਕਿ ਬਰਾਮਦ ਡਿਊਟੀ ’ਤੇ ਵਧੀਕ ਡਿਊਟੀ ਲਾਉਣ ਨਾਲ ਘਰੇਲੂ ਏਅਰਲਾਈਨਾਂ ਨੂੰ ਓਵਰਸੀਜ਼ ਉਡਾਣਾਂ ਚਲਾਉਣ ਲਈ ਖਰੀਦ ਕੀਤੇ ਜਾਣ ਵਾਲੇ ਏਵੀਏਸ਼ਨ ਟਰਬਾਈਨ ਈਂਧਣ ’ਤੇ 11 ਫੀਸਦ ਬੁਨਿਆਦੀ ਐਕਸਾਈਜ਼ ਡਿਊਟੀ ਅਦਾ ਕਰਨੀ ਪਏਗੀ। -ਪੀਟੀਆਈ