ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਪਰੈਲ
ਕੌਮੀ ਰਾਜਧਾਨੀ ਵਿੱਚ 26 ਜਨਵਰੀ ਦੀ ਕਿਸਾਨ ਪਰੇਡ ਤੇ ਲਾਲ ਕਿਲਾ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ, ਬਾਬਾ ਇਕਬਾਲ ਸਿੰਘ ਤੇ ਨੌਜਵਾਨ ਜਸਪ੍ਰੀਤ ਸਿੰਘ ਸੰਨੀ ਨੂੰ ਜ਼ਮਾਨਤਾਂ ਮਿਲਣ ਮਗਰੋਂ ਲੰਘੀ ਦੇਰ ਰਾਤ ਤਿਹਾੜ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਰਿਹਾਈ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਕਮੇਟੀ ਦੀ ਟੀਮ ਨੇ ਇਨ੍ਹਾਂ ਤਿੰਨਾਂ ਦਾ ਸਵਾਗਤ ਕੀਤਾ ਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਸ੍ਰੀ ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਲੀਗਲ ਟੀਮ ਨਾਲ ਜੁੜੇ ਵਕੀਲਾਂ ਵੱਲੋਂ ਕੇਸਾਂ ਦੀ ਕੀਤੀ ਪੈਰਵੀ ਬਦੌਲਤ ਹੀ ਦੀਪ ਸਿੱਧੂ, ਬਾਬਾ ਇਕਬਾਲ ਸਿੰਘ ਤੇ ਨੌਜਵਾਨ ਜਸਪ੍ਰੀਤ ਸਿੰਘ ਸੰਨੀ ਵੀ ਪਹਿਲਾਂ ਰਿਹਾਅ ਹੋਏ ਹੋਰਨਾਂ ਨੌਜਵਾਨਾਂ ਤੇ ਕਿਸਾਨਾਂ ਵਾਂਗ ਰਿਹਾਅ ਹੋਏ ਹਨ। ਉਨ੍ਹਾਂ ਕਿਹਾ, ‘ਅਸੀਂ ਨਿਆਂਪਾਲਿਕਾ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਤੇ ਇਹ ਮੰਨਿਆ ਕਿ ਦਿੱਲੀ ਪੁਲੀਸ ਨੇ 26 ਜਨਵਰੀ ਤੇ ਇਸ ਮਗਰੋਂ ਨਾਜਾਇਜ਼ ਕੇਸ ਪਾ ਕੇ ਨੌਜਵਾਨਾਂ ਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ’ਤੇ 307 ਵਰਗੀਆਂ ਸੰਗੀਨ ਧਾਰਾਵਾਂ ਲਾਈਆਂ ਗਈਆਂ ਜਦਕਿ ਇਹ ਸਾਰੇ ਨਿਰਦੋਸ਼ ਸਨ। ਉਨ੍ਹਾਂ ਕਿਹਾ ਕਿ ਅਦਾਲਤਾਂ ਨੇ ਹੁਣ ਤੱਕ ਤਕਰੀਬਨ 160 ਨੌਜਵਾਨਾਂ ਤੇ ਕਿਸਾਨਾਂ ਨੂੰ ਜ਼ਮਾਨਤਾਂ ਦਿੱਤੀਆਂ ਹਨ ਜਦਕਿ 100 ਤੋਂ ਵਧੇਰੇ ਨੂੰ ਪੇਸ਼ਗੀ ਜ਼ਮਾਨਤਾਂ ਮਿਲ ਗਈਆਂ ਹਨ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਦਾ ਵਿਸ਼ੇਸ ਧੰਨਵਾਦੀ ਹੈ, ਜਿਸ ਨੇ ਉਸ ਦੇ ਕੇਸ ਦੀ ਨਿਰੰਤਰ ਪੈਰਵੀ ਕੀਤੀ ਤੇ ਸਾਰੇ ਮਾਮਲੇ ਵਿਚ ਮਦਦ ਕੀਤੀ।
ਉਧਰ ਇਕਬਾਲ ਸਿੰਘ ਤੇ ਨੌਜਵਾਨ ਜਸਪ੍ਰੀਤ ਸਿੰਘ ਸੰਨੀ ਨੇ ਵੀ ਸ੍ਰੀ ਸਿਰਸਾ ਤੇ ਦਿੱਲੀ ਕਮੇਟੀ ਦੇ ਵਕੀਲਾਂ ਦੀ ਟੀਮ ਦਾ ਧੰਨਵਾਦ ਕੀਤਾ। ਰਿਹਾਈ ਉਪਰੰਤ ਦੀਪ ਸਿੱਧੂ, ਬਾਬਾ ਇਕਬਾਲ ਸਿੰਘ ਤੇ ਜਸਪ੍ਰੀਤ ਸਿੰਘ ਸੰਨੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ।