ਮੁੰਬਈ, 8 ਸਤੰਬਰ
ਇੱਥੋਂ ਦੀ ਇਕ ਅਦਾਲਤ ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿਚ ਆਈਸੀਆਈ ਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਦੇ ਪਤੀ ਦੀਪਕ ਕੋਛੜ ਨੂੰ 19 ਸਤੰਬਰ ਤਕ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਵੀਡੀਓਕੌਨ ਸਮੂਹ ਨੂੰ ਬੈਂਕ ਤੋਂ ਕਰਜ਼ ਦੇਣ ਵੇਲੇ ਹੋਈਆਂ ਗ਼ੈਰਕਾਨੂੰਨੀ ਗਤੀਵਿਧੀਆਂ ਅਤੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਬੀਤੇ ਦਿਨ ਕੋਛੜ ਨੂੰ ਗ੍ਰਿਫ਼ਤਾਰ ਕੀਤਾ ਸੀ।
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਇਸ ਮਾਮਲੇ ਵਿਚ ਹਾਲ ਹੀ ਵਿਚ ਇਕੱਠੇ ਕੀਤੇ ਗਏ ਕੁਝ ਸਬੂਤਾਂ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਦੀਪਕ ਕੋਛੜ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ। ਇੱਥੇ ਦੱਸਣਯੋਗ ਹੈ ਕਿ ਦੀਪਕ ਕੋਛੜ ਖ਼ਿਲਾਫ਼ ਕਾਲੇ ਧਨ ਨੂੰ ਚਿੱਟਾ ਕਰਨ ਦਾ ਕੇਸ ਪਿਛਲੇ ਸਾਲ ਜਨਵਰੀ ਵਿਚ ਦਰਜ ਕੀਤਾ ਗਿਆ ਸੀ। -ਪੀਟੀਆਈ