ਮੁੰਬਈ, 13 ਦਸੰਬਰ
ਉੱਘੇ ਫਿਲਮ ਕਹਾਣੀਕਾਰ ਤੇ ਗੀਤਕਾਰ ਜਾਵੇਦ ਅਖ਼ਤਰ ਨੇ ਅੱਜ ਇੱਥੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਅਪਰਾਧਕ ਮਾਣਹਾਨੀ ਦੇ ਕੇਸ ’ਚ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਅਖ਼ਤਰ ਨੇ ਕੰਗਨਾ ਖ਼ਿਲਾਫ਼ ਕੇਸ ਕੀਤਾ ਹੋਇਆ ਹੈ। ਹਿੰਦੀ ਸਿਨੇਮਾ ਜਗਤ ਦੀ ਉੱਘੀ ਸ਼ਖ਼ਸੀਅਤ ਅਖ਼ਤਰ ਦੇ ਵਕੀਲ ਜੈ ਭਾਰਦਵਾਜ ਨੇ ਅਦਾਲਤ ਵਿਚ ਕਿਹਾ ਕਿ ਰਣੌਤ ਇਕ ਤੋਂ ਬਾਅਦ ਇਕ ਕਾਰਨ ਦੇ ਕੇ ਸੁਣਵਾਈ ਤੋਂ ਬਚਦੀ ਰਹੀ ਹੈ। ਕੰਗਨਾ ਆਖ਼ਰੀ ਵਾਰ 20 ਸਤੰਬਰ ਨੂੰ ਅੰਧੇਰੀ ਦੀ ਅਦਾਲਤ ਵਿਚ ਪੇਸ਼ ਹੋਈ ਸੀ। ਅਦਾਲਤ ਨੇ ਕੰਗਨਾ ਦੇ ਵਕੀਲ ਨੂੰ 4 ਜਨਵਰੀ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਹੈ ਤੇ ਅਰਜ਼ੀ ਹਾਲ ਦੀ ਘੜੀ ਬਕਾਇਆ ਰੱਖ ਲਈ ਹੈ। -ਏਜੰਸੀ