ਮੁੰਬਈ, 30 ਜੁਲਾਈ
ਗੀਤਕਾਰ ਜਾਵੇਦ ਅਖਤਰ ਵੱਲੋਂ ਦਾਖ਼ਲ ਮਾਣਹਾਨੀ ਕੇਸ ਵਿੱਚ ਅਦਾਕਾਰਾ ਕੰਗਨਾ ਰਣੌਤ ਨੇ ਇੱਥੋਂ ਦੀ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਭੈਣ ਰੰਗੋਲੀ ਚੰਦੇਲ ਦੇ ਬਿਆਨ ਦਰਜ ਕੀਤੇ ਜਾਣ। ਕੰਗਨਾ ਨੇ ਆਪਣੀ ਵਕੀਲ ਰਿਜ਼ਵਾਨ ਸਿੱਦੀਕੀ ਰਾਹੀਂ ਬੀਤੇ ਦਿਨ ਮੈਟਰੋਪੋਲਿਟਨ ਮੈਜਿਸਟਰੇਟ ਆਰ ਆਰ ਖਾਨ ਦੀ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਸੀ। ਅਦਾਲਤ ਨੇ ਇਹ ਮਾਮਲਾ 11 ਅਗਸਤ ਨੂੰ ਸੁਣਵਾਈ ਲਈ ਰਾਖਵਾਂ ਰੱਖ ਲਿਆ ਹੈ। ਪਿਛਲੇ ਮਹੀਨੇ ਰਣੌਤ ਨੇ ਅਦਾਲਤ ਅੱਗੇ ਪੇਸ਼ ਹੋ ਕੇ ਇਸ ਕੇਸ ਵਿੱਚ ਕਸੂਰਵਾਰ ਨਾ ਹੋਣ ਦਾ ਦਾਅਵਾ ਕੀਤਾ ਸੀ। ਦੱਸਣਯੋਗ ਹੈ ਕਿ ਗੀਤਕਾਰ ਜਾਵੇਦ ਅਖਤਰ ਨੇ ਨਵੰਬਰ 2020 ਵਿੱਚ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਉਂਦਿਆਂ ਦਾਅਵਾ ਕੀਤਾ ਸੀ ਕਿ ਕੰਗਨਾ ਨੇ ਇੱਕ ਟੀਵੀ ਇੰਟਰਵਿਊ ਵਿੱਚ ਉਸ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਨੇ ਕਥਿਤ ਤੌਰ ’ਤੇ ਉਸ ਦੀ ਸਾਖ਼ ਨੂੰ ਢਾਹ ਲਾਈ ਸੀ। -ਪੀਟੀਆਈ