ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਜਿਹੀਆਂ ਕੰਪਨੀਆਂ ਨੂੰ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀ) ਜਾਰੀ ਕਰਨ ਲਈ ਇੱਕ ਪੋਰਟਲ ਦੀ ਸ਼ੁਰੂਆਤ ਕੀਤੀ ਜੋ ਭਾਰਤੀ ਜਲ ਖੇਤਰ ਤੇ ਵਿਸ਼ੇਸ਼ ਆਰਥਿਕ ਖੇਤਰਾਂ ’ਚ ਖੋਜ, ਸਰਵੇਖਣ ਆਦਿ ਨਾਲ ਸਬੰਧਤ ਬਿਜਲੀ ਪ੍ਰਾਜੈਕਟ ਤੇ ਗਤੀਵਿਧੀਆਂ ਚਲਾ ਰਹੀਆਂ ਹਨ। ਇਸ ਬਾਰੇ ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਆਨਲਾਈਨ ਪ੍ਰਣਾਲੀ ’ਚ ਅਜਿਹੀਆਂ ਤਜਵੀਜ਼ਾਂ ਲਈ ਇੱਕ ਪ੍ਰਭਾਵੀ, ਤੇਜ਼ ਤੇ ਪਾਰਦਰਸ਼ੀ ਸਿਸਟਮ ਸਥਾਪਿਤ ਹੋਵੇਗਾ। ਇਸ ਲਈ ਰੱਖਿਆ ਮੰਤਰੀ ਨੇ ਰੱਖਿਆ ਰਾਜ ਮੰਤਰੀ ਸ੍ਰੀਪਦ ਨਾਇਕ ਨਾਲ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਥਲ ਸੈਨਾ ਮੁਖੀ ਜਨਰਲ ਐੱਮਐੱਸ ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਤੇ ਹਵਾਈ ਸੈਨਾ ਮੁਖੀ ਮਾਰਸ਼ਲ ਆਰਕੇਐੱਸ ਭਦੌੜੀਆ ਵੀ ਹਾਜ਼ਰ ਸਨ। ਮੰਤਰਾਲੇ ਨੇ ਇਸ ਤੋਂ ਪਹਿਲਾਂ ਹਵਾਈ ਸਰਵੇਖਣ ਲਈ ਐੱਨਓਸੀ ਦੇਣ ਲਈ ਅਜਿਹੇ ਹੀ ਇੱਕ ਪੋਰਟਲ ਦੀ ਸ਼ੁਰੂਆਤ ਕੀਤੀ ਸੀ। -ਪੀਟੀਆਈ