ਨਵੀਂ ਦਿੱਲੀ, 5 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਜੈ ਦਸ਼ਮੀ ਮੌਕੇ ਉੱਤਰਾਖੰਡ ਦੇ ਔਲੀ ਵਿੱਚ ਫੌਜੀ ਅੱਡੇ ’ਤੇ ‘ਸ਼ਸਤਰ ਪੂਜਾ’ ਕੀਤੀ। ਰੱਖਿਆ ਮੰਤਰੀ ਨੇ ਇਸ ਮੌਕੇ ਫੌਜੀਆਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਨੇ ਜੂਨ 2020 ਵਿੱਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਝੜਪਾਂ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਦਿਖਾਈ ‘ਲਾਮਿਸਾਲ ਬਹਾਦਰੀ ਅਤੇ ਦਲੇਰੀ’ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ‘ਪੂਰੀ ਦੁਨੀਆ ਇੱਕ ਪਰਿਵਾਰ ਹੈ’ ਦੇ ਸਿਧਾਂਤ ਵਿੱਚ ਵਿਸ਼ਵਾਸ ਕਰਦਾ ਹੈ, ਜੇਕਰ ਕੋਈ ਬਾਹਰੀ ਤਾਕਤ ਇਸ ’ਤੇ ‘ਬੁਰੀ ਨਜ਼ਰ’ ਰੱਖਦੀ ਹੈ ਤਾਂ ਭਾਰਤ ਉਸ ਨੂੰ ਮੂੰਹ ਤੋੜ ਜਵਾਬ ਦਿੰਦਾ ਹੈ।
ਇਸ ਮੌਕੇ ਥਲ ਸੈਨਾ ਪ੍ਰਮੁੱਖ ਜਨਰਲ ਮਨੋਜ ਪਾਂਡੇ ਅਤੇ ਸੂਰਿਆ ਕਮਾਨ ਦੇ ਜਨਰਲ-ਆਫੀਸਰ- ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਯੋਗੇਂਦਰ ਡਿਮਰੀ ਵੀ ਮੌਜੂਦ ਸਨ। ਰਾਜਨਾਥ ਨੇ ਕਿਹਾ ਕਿ ਅਜਿਹੀ ਬਹਾਦਰੀ ਕਾਰਨ ਪੂਰੀ ਦੁਨੀਆ ਨੇ ਭਾਰਤ ਦੇ ਵਧਦੇ ਕੱਦ ਨੂੰ ਸਵੀਕਾਰ ਕੀਤਾ ਹੈ ਅਤੇ ਭਾਰਤ ਕੌਮਾਂਤਰੀ ਮਹੱਤਵ ਦੇ ਸਾਰੇ ਮੁੱਦਿਆਂ ਬਾਰੇ ਫ਼ੈਸਲਾ ਲੈਣ ਵਾਲੇ ਪ੍ਰਮੁੱਖ ਦੇਸ਼ਾਂ ਵਿੱਚ ਇੱਕ ਵਜੋਂ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮੰਚਾਂ ’ਤੇ ਹੁਣ ਭਾਰਤ ਨੂੰ ਪੂਰੇ ਸਨਮਾਨ ਨਾਲ ਸੁਣਿਆ ਜਾਂਦਾ ਹੈ। ਰਾਜਨਾਥ ਪਿਛਲੇ ਕਈ ਸਾਲਾਂ ਤੋਂ ‘ਸ਼ਸਤਰ ਪੂਜਾ’ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਤੇ ਪੁਰਸ਼ ਫੌਜੀਆਂ ਨਾਲ ਗੱਲਬਾਤ ਕਰਨਾ ਹਮੇਸ਼ਾ ਹੀ ਪ੍ਰੇਰਨਾ ਦਾ ਸਰੋਤ ਰਿਹਾ ਹੈ ਅਤੇ ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪੂਰੇ ਦੇਸ਼ ਨੂੰ ਆਪਣੇ ਫ਼ੌਜੀਆਂ ਦੀ ਸਮਰੱਥਾ ’ਤੇ ਮਾਣ ਤੇ ਵਿਸ਼ਵਾਸ ਹੈ। ਰੱਖਿਆ ਮੰਤਰੀ ਨੇ ਦੇਸ਼ ਨੂੰ ਬਾਹਰੀ ਖ਼ਤਰਿਆਂ ਤੋਂ ਬਚਾਉਣ ਵਿੱਚ ਹਥਿਆਰਬੰਦ ਫੌਜਾਂ ਵੱਲੋਂ ਨਿਭਾਈ ਜਾਂਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ। -ਪੀਟੀਆਈ