ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਜੁਲਾਈ
ਮੁੱਖ ਅੰਸ਼
- ਸਾਬਕਾ ਸੀਬੀਆਈ ਅਧਿਕਾਰੀ ਦੀ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਨਿਯੁਕਤੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਾਰ
ਦਿੱਲੀ ਵਿਧਾਨ ਸਭਾ ਨੇ ਸਾਬਕਾ ਸੀਬੀਆਈ ਅਧਿਕਾਰੀ ਰਾਕੇਸ਼ ਅਸਥਾਨਾ ਦੀ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਨਿਯੁਕਤੀ ਵਿਰੁੱਧ ਮਤਾ ਪਾਸ ਕੀਤਾ ਹੈ। ਮਤੇ ਵਿੱਚ ਗ੍ਰਹਿ ਮੰਤਰਾਲੇ ਨੂੰ ਅਸਥਾਨਾ ਦੀ ਨਿਯੁਕਤੀ ਰੱਦ ਕਰਨ ਲਈ ਕਿਹਾ ਗਿਆ। ਮਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਝਾਅ ਨੇ ਅੱਗੇ ਵਧਾਇਆ।
ਗ੍ਰਹਿ ਮੰਤਰਾਲੇ ਨੇ ਬੀਤੇ ਦਿਨ ਅਸਥਾਨਾ ਨੂੰ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਉਹ 31 ਜੁਲਾਈ ਨੂੰ ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਵਾਲੇ ਸਨ। ‘ਆਪ’ ਨੇ ਦਿੱਲੀ ਵਿਧਾਨ ਸਭਾ ’ਚ ਕਿਹਾ ਕਿ ਅਸਥਾਨਾ ਦੀ ਨਿਯੁਕਤੀ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਲੰਘਣਾ ਹੈ। ਝਾਅ ਨੇ ਕਿਹਾ ਕਿ 2019 ਵਿੱਚ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਛੇ ਮਹੀਨਿਆਂ ਤੋਂ ਘੱਟ ਕਾਰਜਕਾਲ ਵਾਲੇ ਕਿਸੇ ਵੀ ਅਧਿਕਾਰੀ ਨੂੰ ਉੱਚ ਅਹੁਦੇ ਲਈ ਨਾਮਜ਼ਦ ਨਹੀਂ ਕੀਤਾ ਜਾਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਦੇ ਰਾਮਵੀਰ ਸਿੰਘ ਬਿਧੂੜੀ ਜੋ ਕਿ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ, ਨੇ ਅਸਥਾਨਾ ਦੀ ਨਿਯੁਕਤੀ ਦਾ ਬਚਾਅ ਕਰਦਿਆਂ ਉਨ੍ਹਾਂ ਦੇ ਸਰਵਿਸ ਰਿਕਾਰਡ ਬਾਰੇ ਦੱਸਿਆ। ਬਿਧੂੜੀ ਨੇ ਕਿਹਾ ਕਿ ਉਨ੍ਹਾਂ ਦੀ ਸੇਵਾਕਾਲ ਤੇ ਕਾਰਜਾਂ ਨੇ ਇਸ ਦੇਸ਼ ਵਿੱਚ ਮਿਸਾਲ ਕਾਇਮ ਕੀਤੀ ਹੈ। ਜਿਹੜੇ ਇਮਾਨਦਾਰ ਹਨ ਉਨ੍ਹਾਂ ਨੂੰ ਅਸਥਾਨਾ ਦੀ ਨਿਯੁਕਤੀ ’ਤੇ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਭ੍ਰਿਸ਼ਟਾਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਦੇ ਹਨ। ਕਾਂਗਰਸ ਨੇ ਵੀ ਅਸਥਾਨਾ ਦੀ ਨਿਯੁਕਤੀ ਨੂੰ ‘ਪੂਰੀ ਤਰ੍ਹਾਂ ਗੈਰਕਾਨੂੰਨੀ’ ਦੱਸਿਆ ਸੀ।
ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕੇਂਦਰ ’ਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਕੌਮੀ ਰਾਜਧਾਨੀ ਪ੍ਰਦੇਸ਼ ਸਰਕਾਰ (ਜੀਐੱਨਸੀਟੀਡੀ) ਬਿੱਲ, 2021 ਵਿੱਚ ਸੋਧ ਕਰਕੇ ਦਿੱਲੀ ਵਿਧਾਨ ਸਭਾ ਦੀਆਂ ਸ਼ਕਤੀਆਂ ਖੋਹ ਲਈਆਂ। ਉਨ੍ਹਾਂ ਕਿਹਾ ਕਿ ਜੀਐੱਨਸੀਟੀਡੀ (ਸੋਧ) ਬਿੱਲ -2021 ਦੀ ਸੋਧ ‘ਕੇਂਦਰ ਵੱਲੋਂ ਲੋਕਤੰਤਰ ਦਾ ਸਪੱਸ਼ਟ ਕਤਲ’ ਸੀ। ਉਨ੍ਹਾਂ ਕਿਹਾ, ‘ਇਹ ਮੇਰੇ ਲਈ ਦੁਖਦਾਈ ਸੀ। ਮੈਂ ਸੌਂ ਨਹੀਂ ਸਕਿਆ ਕਿਉਂਕਿ ਕੇਂਦਰ ਨੇ ਦਿੱਲੀ ਅਸੈਂਬਲੀ ਦੇ ਅਧਿਕਾਰ ਖੋਹ ਲਏ ਸਨ, ਇੱਥੇ ਵਿਰੋਧੀ ਧਿਰ (ਭਾਜਪਾ) ਵਿਧਾਨ ਸਭਾ ਵਿੱਚ ਆਪਣੇ ਅਧਿਕਾਰਾਂ ਦੀ ਗੱਲ ਕਰ ਰਹੀ ਹੈ। ਅਸਲ ਵਿਚ ਵਿਰੋਧੀ ਧਿਰ ਨੇ ਇਸ ਅਧਿਕਾਰ ਨੂੰ ਗੁਆ ਦਿੱਤਾ ਹੈ।’
ਸੁੰਦਰ ਲਾਲ ਬਹੁਗੁਣਾ ਨੂੰ ਭਾਰਤ ਰਤਨ ਦੇਣ ਦੀ ਮੰਗ
ਦਿੱਲੀ ਵਿਧਾਨ ਸਭਾ ’ਚ ਅੱਜ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਨੂੰ ਭਾਰਤ ਰਤਨ ਦੇਣ ਦੀ ਮੰਗ ਸਬੰਧੀ ਮਤਾ ਪਾਸ ਕੀਤਾ ਗਿਆ। ਇਹ ਮਤਾ ਪਾਲਮ ਦੀ ‘ਆਪ’ ਵਿਧਾਇਕਾ ਭਾਵਨਾ ਗੌੜ ਨੇ ਪੇਸ਼ ਕੀਤਾ। ਉਸ ਨੇ ਬਹੁਗੁਣਾ ਦੀ ਜ਼ਿੰਦਗੀ ’ਤੇ ਚਾਨਣਾ ਪਾਇਆ। ਹਮਾਇਤ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਵੀ ਸੁੰਦਰ ਲਾਲ ਬਹੁਗੁਣਾ ਨੂੰ ਭਾਰਤ ਰਤਨ ਦੇਣ ਬਾਰੇ ਵਿਚਾਰ-ਵਟਾਂਦਰੇ ਦੌਰਾਨ ਕਿਹਾ ਕਿ ਅੱਜ ਪਹਿਲੀ ਵਾਰ ਸਦਨ ਵਿੱਚ ਅਜਿਹਾ ਮਤਾ ਆਇਆ ਹੈ।
ਕਿਸਾਨ ਅੰਦੋਲਨ ਅੱਗੇ ਦਿੱਲੀ ਪੁਲੀਸ ਬੇਵੱਸ
ਨਵੀਂ ਦਿੱਲੀ: ਦਿੱਲੀ ਪੁਲੀਸ ਕਮਿਸ਼ਨਰ ਵਜੋਂ ਗ੍ਰਹਿ ਮੰਤਰਾਲੇ ਵੱਲੋਂ ਬਾਲਾਜੀ ਸ੍ਰੀਵਾਸਤਵ ਦੀ ਬਜਾਏ ਰਾਕੇਸ਼ ਅਸਥਾਨਾ ਨੂੰ ਜ਼ਿੰਮੇਵਾਰੀ ਦੇਣ ਪਿੱਛੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸੰਸਦ ਭਵਨ ਕੋਲ ਟਰੈਕਟਰ ਲੈ ਕੇ ਜਾਣਾ ਅਤੇ ਕਿਸਾਨ ਅੰਦੋਲਨ ਦਾ ਮਜ਼ਬੂਤ ਹੋਣ ਜਿਹੇ ਕਾਰਨਾਂ ਨੂੰ ਮੰਨਿਆ ਜਾ ਰਿਹਾ ਹੈ। ਖੁਫ਼ੀਆ ਰਿਪੋਰਟਾਂ ਮੁਤਾਬਕ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤੀ ਨਾਲ ਤੇਜ਼ ਕਰਨ ਤੇ ਲੰਬਾ ਹੋਣ ਕਰਕੇ ਉਸ ਨਾਲ ਨਜਿੱਠਣ ਲਈ ਦਿੱਲੀ ਪੁਲੀਸ ਦੇ ਅਧਿਕਾਰੀ ਕੋਈ ਰਣਨੀਤੀ ਨਹੀਂ ਉਲੀਕ ਸਕੇ। ਦਿੱਲੀ ਦੇ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਪੁਲੀਸ ਹੁਣ ਕਿਸਾਨਾਂ ਪ੍ਰਤੀ ਨਰਮ ਰੁਖ਼ ਸ਼ਾਇਦ ਬਦਲ ਲਵੇ ਕਿਉਂਕਿ ਕੇਂਦਰ ਸਰਕਾਰ ਦੀ ਸਥਿਤੀ ਹਾਸੋ-ਹੀਣੀ ਹੋ ਰਹੀ ਹੈ।
ਭਾਜਪਾ ਵਿਧਾਇਕ ਸਦਨ ਵਿੱਚੋਂ ਮੁਅੱਤਲ
ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਭਾਜਪਾ ਵਿਧਾਇਕਾਂ ਵਿਜੇਂਦਰ ਗੁਪਤਾ ਤੇ ਅਨਿਲ ਬਾਜਪਾਈ ਨੂੰ ਉਨ੍ਹਾਂ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ’ਤੇ ਬਾਹਰ ਕੱਢ ਦਿੱਤਾ। ਸ਼ਰਮਾ ਨੇ ‘ਆਪ’ ਦੇ ਕੁਝ ਵਿਧਾਇਕਾਂ ਖ਼ਿਲਾਫ਼ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਤੇ ਉਨ੍ਹਾਂ ਨੂੰ ਆਪਣੀ ਹੱਦ ਵਿੱਚ ਰਹਿਣ ਲਈ ਕਿਹਾ। ਗੋਇਲ ਨੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ‘ਆਪ’ ਵਿਧਾਇਕਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ’ਤੇ ਭਾਜਪਾ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਨੂੰ ਸਦਨ ਤੋਂ ਮੁਅੱਤਲ ਕਰ ਦਿੱਤਾ। ਵਿਧਾਇਕਾਂ ਵਿਜੇਂਦਰ ਗੁਪਤਾ ਤੇ ਅਨਿਲ ਬਾਜਪਾਈ ਨੂੰ ਉਨ੍ਹਾਂ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਅਤੇ ਸਦਨ ਦਾ ਕੰਮਕਾਰ ਨਾ ਹੋਣ ਦੇਣ ਦੇ ਦੋਸ਼ ਹੇਠ ਮਾਰਸ਼ਲਾਂ ਦੀ ਮਦਦ ਨਾਲ ਸਦਨ ਵਿੱਚੋਂ ਬਾਹਰ ਕਢਵਾ ਦਿੱਤਾ।